ਕੋਰੋਨਾ ਦੇ ਖੌਫ ਕਾਰਨ ਭਗਵਾਨ ਅਤੇ ਭਗਤਾਂ ਵਿਚਾਲੇ ਵਧੀਆਂ ਦੂਰੀਆਂ (ਦੇਖੋ ਤਸਵੀਰਾਂ)

03/17/2020 6:26:41 PM

ਨਵੀਂ ਦਿੱਲੀ— ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਨੇ ਲੋਕਾਂ ਦਰਮਿਆਨ ਦਹਿਸ਼ਤ ਫੈਲਾ ਰੱਖੀ ਹੈ। ਹਾਲਾਤ ਇਹ ਬਣ ਗਏ ਹਨ ਕਿ ਸਿਨੇਮਾ ਘਰ, ਸਕੂਲ-ਕਾਲਜ ਤਕ ਕਈ ਸੂਬਿਆਂ ’ਚ ਬੰਦ ਕਰ ਦਿੱਤੇ ਗਏ ਹਨ। ਇਸ ਵਾਇਰਸ ਤੋਂ ਬਚਣ ਲਈ ਲੋਕ ਭਗਵਾਨ ਦਾ ਆਸਰਾ ਲੈ ਰਹੇ ਹਨ। ਪ੍ਰਾਰਥਨਾ ਦੇ ਨਾਲ-ਨਾਲ ਹਵਨ ਅਤੇ ਪੂਜਾ ਕਰ ਰਹੇ ਹਨ। ਇਸ ਵਾਇਰਸ ਨੇ ਹਾਲਾਤ ਅਜਿਹੇ ਬਣਾ ਦਿੱਤੇ ਹਨ ਕਿ ਕਈ ਮੰਦਰਾਂ ’ਚ ਭਗਵਾਨ ਅਤੇ ਭਗਤਾਂ ਵਿਚਾਲੇ ਦੂਰੀਆਂ ਵਧਾ ਦਿੱਤੀਆਂ ਹਨ। ਆਓ ਜਾਣਦੇ ਹਾਂ ਕਿ ਕਿੰਨਾ-ਕਿੰਨਾ ਮੰਦਰਾਂ ਵਿਚ ਕੋਰੋਨਾ ਕਾਰਨ ਭਗਤਾਂ ਅਤੇ ਭਗਵਾਨ ਵਿਚਾਲੇ ਵਧੀਆਂ ਦੂਰੀਆਂ—

ਸਿੱਧੀਵਿਨਾਇਕ ਮੰਦਰ—
ਸੋਮਵਾਰ ਰਾਤ ਨੂੰ ਮੁੰਬਈ ਸਥਿਤ ਸਿੱਧੀਵਿਨਾਇਕ ਮੰਦਰ ਨੂੰ ਭਗਤਾਂ ਲਈ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਭਗਵਾਨ ਗਣੇਸ਼ ਦੇ ਇਸ ਮੰਦਰ ਵਿਚ ਦੇਸ਼ ਭਰ ਤੋਂ ਭਗਤ ਦਰਸ਼ਨਾਂ ਲਈ ਆਉਂਦੇ ਹਨ। ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਭਗਤਾਂ ਦੇ ਦਰਸ਼ਨ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ।

ਮਹਾਕਾਲ ਮੰਦਰ—
ਉੱਜੈਨ ਦੇ ਮਹਾਕਾਲ ਮੰਦਰ ’ਚ ਸਵੇਰੇ ਹੋਣ ਵਾਲੀ ਭਸਮ ਆਰਤੀ ਦੇ ਦਰਸ਼ਨਾਂ ’ਤੇ ਭਗਤਾਂ ਲਈ ਰੋਕ ਲਾ ਦਿੱਤੀ ਗਈ ਹੈ। ਉੱਥੇ ਹੀ ਮੰਦਰ ’ਚ ਦਰਸ਼ਨ ਨੂੰ ਲੈ ਕੇ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਭਗਤਾਂ ਨੂੰ ਆਪਸ ’ਚ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਨੂੰ ਕਿਹਾ ਗਿਆ ਹੈ।

ਵੈਸ਼ਨੋ ਮਾਤਾ ਦਾ ਮੰਦਰ—
ਜੰਮੂ-ਕਸ਼ਮੀਰ ਦੇ ਕਟੜਾ ਸਥਿਤ ਵੈਸ਼ਨੋ ਦੇਵੀ ਮੰਦਰ ਦੇ ਸ਼ਰਾਈਨ ਬੋਰਡ ਨੇ ਵੀ ਐਡਵਾਇਜ਼ਰੀ ਜਾਰੀ ਕਰ ਕੇ ਕਿਹਾ ਕਿ ਵਿਦੇਸ਼ ਤੋਂ ਭਾਰਤ ਆਉਣ ਵਾਲੇ ਭਾਰਤੀ ਅਤੇ ਵਿਦੇਸ਼ੀ ਲੋਕਾਂ ਨੂੰ 28 ਦਿਨ ਤਕ ਮੰਦਰ ਵਿਚ ਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ।

ਮੇਂਹਦੀਪੁਰ ਬਾਲਾਜੀ ਮੰਦਰ—
ਰਾਜਸਥਾਨ ਦੇ ਦੁਨੀਆ ਭਰ ’ਚ ਪ੍ਰਸਿੱਧ ਮੇਂਹਦੀਪੁਰ ਬਾਲਾਜੀ ਮੰਦਰ ’ਚ ਵੀ ਭਗਤਾਂ ਦੇ ਦਰਸ਼ਨ ਕਰਨ ’ਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ। ਮੰਦਰ ਟਰੱਸਟ ਨੇ ਬੈਠਕ ਕਰ ਕੇ ਇਹ ਫੈਸਲਾ ਲਿਆ ਹੈ।

ਦਗਡੂਸ਼ੇਠ ਹਲਵਾਈ ਮੰਦਰ—
ਪੁਣੇ ’ਚ ਸਥਿਤ ਗਣੇਸ਼ਜੀ ਦੇ ਦਗਡੂਸ਼ੇਠ ਹਲਵਾਈ ਮੰਦਰ ਨੂੰ ਵੀ 17 ਮਾਰਚ ਤੋਂ ਅਗਲੇ ਹੁਕਮ ਤਕ ਲਈ ਬੰਦ ਕਰ ਦਿੱਤਾ ਗਿਆ ਹੈ। ਬੰਦ ਹੋਣ ਤੋਂ ਪਹਿਲਾਂ ਵੀ ਮੰਦਰ ’ਚ ਦਰਸ਼ਨ ਕਰਨ ਤੋਂ ਪਹਿਲਾਂ ਭਗਤਾਂ ਨੂੰ ਸੈਨੇਟਾਈਜ਼ਰ ਇਸਤੇਮਾਲ ਕਰਨ ਤੋਂ ਬਾਅਦ ਹੀ ਮੰਦਰ ’ਚ ਐਂਟਰੀ ਦਿੱਤੀ ਜਾ ਰਹੀ ਸੀ।

ਬੇਲੂਰ ਮੱਠ—
ਕੋਲਕਾਤਾ ’ਚ ਰਾਮਕ੍ਰਿਸ਼ਨ ਮੱਠ ਦੇ ਹੈੱਡਕੁਆਰਟਰ ਵਿਚ ਹਰ ਤਰ੍ਹਾਂ ਦੀਆਂ ਸਭਾਵਾਂ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇੱਥੇ ਪ੍ਰਸਾਦ ਵੀ ਨਹੀਂ ਵੰਡਿਆ ਜਾ ਰਿਹਾ ਹੈ। ਇੱਥੇ ਅਗਲੇ ਹੁਕਮ ਤਕ ਕੋਈ ਧਾਰਮਿਕ ਗਤੀਵਿਧੀ ਨਹੀਂ ਕੀਤੀ ਜਾਵੇਗੀ।

ਜਗਨਨਾਥ ਮੰਦਰ—
ਓੜੀਸਾ ਦੇ ਜਗਨਨਾਥ ਮੰਦਰ ਵਿਚ ਵਿਸ਼ੇਸ਼ ਪ੍ਰਕਾਰ ਦੇ ਨਿਯਮ ਜਾਰੀ ਕਰ ਕੇ ਸਖਤੀ ਨਾਲ ਪਾਲਣ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸ਼ਰਧਾਲੂਆਂ ਨੂੰ ਪੂਜਾ ਦੇ ਸਮੇਂ ਮਾਸਕ ਪਹਿਨਣਾ ਹੋਵੇਗਾ ਅਤੇ ਲਗਾਤਾਰ ਹੱਥ ਧੋਣੇ ਹੋਣਗੇ। ਲਾਈਨ ’ਚ ਵੀ ਦੂਰ-ਦੂਰ ਖੜ੍ਹੇ ਹੋਣ ਨੂੰ ਕਿਹਾ ਜਾ ਰਿਹਾ ਹੈ।

ਤਿੱਬਤੀ ਮੰਦਰ—
ਹਿਮਾਚਲ ਦੇ ਧਰਮਸ਼ਾਲਾ ’ਚ ਸਥਿਤ ਤਿੱਬਤੀ ਮੰਦਰ ਨੂੰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ। 

ਸ਼ਿਰਡੀ ਦਾ ਸਾਈਂ ਬਾਬਾ ਮੰਦਰ—

ਮਹਾਰਾਸ਼ਟਰ ’ਚ ਅਹਿਮਦਨਗਰ ਜ਼ਿਲੇ ’ਚ ਵਿਸ਼ਵ ਪ੍ਰਸਿੱਧ ਸ਼ਿਰਡੀ ਸਾਈਂ ਬਾਬਾ ਮੰਦਰ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਮੰਗਲਵਾਰ 3 ਵਜੇ ਤੋਂ ਅਗਲੇ ਹੁਕਮਾਂ ਤੱਕ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ। 

Tanu

This news is Content Editor Tanu