ਕੋਰੋਨਾ ਦਾ ਖੌਫ : ਬਿਹਾਰ ''ਚ ਮਿਲੇ ਚੀਨ ਤੋਂ ਪਰਤੇ 2 ਸ਼ੱਕੀ, ਹੁਣ ਤਕ 22 ਦੀ ਹੋਈ ਪਹਿਚਾਣ

02/13/2020 11:16:57 AM

ਪਟਨਾ— ਚੀਨ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਕੋਰੋਨਾ ਵਾਇਰਸ ਆਪਣਾ ਕਹਿਰ ਮਚਾ ਰਿਹਾ ਹੈ। ਚੀਨ 'ਚ ਇਸ ਵਾਇਰਸ ਕਾਰਨ ਹੁਣ ਤਕ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ ਇਸ ਨੂੰ ਲੈ ਕੇ ਸਾਵਧਾਨੀ ਵਰਤੀ ਜਾ ਰਹੀ ਹੈ, ਇਸ ਦੇ ਬਾਵਜੂਦ ਸ਼ੱਕੀ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੇਰਲ 'ਚ 3 ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਬਿਹਾਰ 'ਚ ਦੋ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਕੀਤੀ ਹੈ। ਸਿਹਤ ਵਿਭਾਗ ਨੇ ਬਿਹਾਰ ਦੇ ਪਟਨਾ ਅਤੇ ਸਿਵਾਨ 'ਚ 2 ਸ਼ੱਕੀਆਂ ਦੀ ਪਹਿਚਾਣ ਕੀਤੀ ਹੈ। ਦੋਵੇਂ ਹਾਲ ਹੀ 'ਚ ਚੀਨ ਤੋਂ ਪਰਤੇ ਹਨ। ਫਿਲਹਾਲ ਦੋਹਾਂ ਨੂੰ ਘਰ 'ਚ ਪਰਿਵਾਰ ਤੋਂ ਵੱਖਰਾ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਓਧਰ ਸੂਬਾ ਨਿਗਰਾਨੀ ਅਧਿਕਾਰੀ ਡਾ. ਰਾਗਿਨੀ ਮਿਸ਼ਰਾ ਨੇ ਦੱਸਿਆ ਕਿ ਸਰਕਾਰ ਨੂੰ ਵੱਖ-ਵੱਖ ਥਾਵਾਂ ਤੋਂ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲਿਆਂ ਦੀ ਜਾਣਕਾਰੀ ਮਿਲ ਰਹੀ ਹੈ। ਇਸ ਦਰਮਿਆਨ ਦੋ ਹੋਰ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ।  ਰਾਗਿਨੀ ਨੇ ਕਿਹਾ ਕਿ ਉਨ੍ਹਾਂ ਨੂੰ 14 ਦਿਨਾਂ ਲਈ ਘਰ 'ਚ ਹੀ ਪਰਿਵਾਰ ਤੋਂ ਵੱਖਰਾ ਰੱਖਿਆ ਗਿਆ ਹੈ। ਇਸ ਤੋਂ ਬਾਅਦ ਜੇਕਰ ਲੋੜ ਪਈ ਤਾਂ ਉਨ੍ਹਾਂ ਦੇ ਸੈਂਪਲ ਜਾਂਚ ਲਈ ਪੁਣੇ ਦੀ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਭੇਜੇ ਜਾਣਗੇ। ਇਸ ਦੇ ਨਾਲ ਸੂਬੇ 'ਚ ਕੋਰੋਨਾ ਦੇ ਸ਼ੱਕੀਆਂ ਦਾ ਅੰਕੜਾ 22 ਹੋ ਗਿਆ ਹੈ। 

ਇਸ ਤੋਂ ਪਹਿਲਾਂ ਸੋਮਵਾਰ ਤਕ ਸਿਹਤ ਵਿਭਾਗ ਨੇ ਬਿਹਾਰ ਦੇ 20 ਲੋਕਾਂ ਨੂੰ ਨਿਗਰਾਨੀ 'ਚ ਰੱਖਿਆ। ਇਹ ਲੋਕ ਚੀਨ ਜਾਂ ਉਸ ਦੇ ਆਲੇ-ਦੁਆਲੇ ਸੂਬਿਆਂ ਤੋਂ ਪਰਤ ਕੇ ਬਿਹਾਰ ਆਏ ਹਨ। ਚੰਗੀ ਗੱਲ ਇਹ ਰਹੀ ਕਿ ਹੁਣ ਤਕ ਕਿਸੇ ਵੀ ਸ਼ੱਕੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਚੀਨ 'ਚ ਫੈਲਿਆ ਕੋਰੋਨਾ ਵਾਇਰਸ ਕਾਰਨ ਉੱਥੇ ਮਰਨ ਵਾਲੇ ਲੋਕਾਂ ਦੀ ਗਿਣਤੀ 1300 ਤੋਂ ਵਧੇਰੇ ਹੋ ਗਈ ਹੈ ਅਤੇ ਕਰੀਬ 48 ਹਜ਼ਾਰ ਵਾਇਰਸ ਦੀ ਲਪੇਟ 'ਚ ਹਨ। ਇਹ ਵਾਇਰਸ ਦੁਨੀਆ ਦੇ 27 ਦੇਸ਼ਾਂ 'ਚ ਦਸਤਕ ਦੇ ਚੁੱਕਾ ਹੈ, ਜਿਸ 'ਚ ਭਾਰਤ ਵੀ ਸ਼ਾਮਲ ਹੈ। ਵਾਇਰਸ ਨੂੰ ਲੈ ਕੇ ਭਾਰਤ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ ਹੈ। ਇਹ ਵਾਇਰਸ ਚੀਨ ਦੇ ਸ਼ਹਿਰ ਵੁਹਾਨ 'ਚ ਸਭ ਤੋਂ ਵਧ ਫੈਲ ਰਿਹਾ ਹੈ।

Tanu

This news is Content Editor Tanu