ਕੋਰੋਨਾ ਦੇ ਲੱਛਣਾਂ ਕਾਰਨ ਹਸਪਤਾਲ ''ਚ ਦਾਖ਼ਲ ਬਜ਼ੁਰਗ ਨੇ ਕੀਤੀ ਖੁਦਕੁਸ਼ੀ, ਰਿਪੋਰਟ ਆਈ ਨੈਗੇਟਿਵ

07/08/2020 4:34:00 PM

ਜੈਪੁਰ- ਕੋਰੋਨਾ ਵਾਇਰਸ ਇਨਫੈਕਸ਼ਨ ਦੇ ਲੱਛਣਾਂ ਕਾਰਨ ਇੱਥੋਂ ਦੇ ਇਕ ਹਸਪਤਾਲ 'ਚ ਦਾਖ਼ਲ ਇਕ ਬਜ਼ੁਰਗ ਨੇ ਬੁੱਧਵਾਰ ਨੂੰ ਕਥਿਤ ਤੌਰ 'ਤੇ ਦੂਜੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ, ਉਨ੍ਹਾਂ ਦੀ ਜਾਂਚ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ। ਪੁਲਸ ਦਾ ਕਹਿਣਾ ਹੈ ਕਿ ਬਜ਼ੁਰਗ ਵਲੋਂ ਇਹ ਕਦਮ ਚੁੱਕੇ ਜਾਣ ਦੇ ਕੁਝ ਹੀ ਮਿੰਟ ਬਾਅਦ ਉਨ੍ਹਾਂ ਦੀ ਰਿਪੋਰਟ ਆਈ ਸੀ, ਜੋ ਨੈਗੇਟਿਵ ਸੀ। ਬਜ਼ੁਰਗ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਕੈਲਾਸ਼ ਚੰਦ ਸ਼ਰਮਾ (78) ਦੇ ਰੂਪ 'ਚ ਕੀਤੀ ਗਈ ਹੈ।

ਉਨ੍ਹਾਂ ਨੂੰ ਵਾਇਰਸ ਦੇ ਲੱਛਣਾਂ ਤੋਂ ਬਾਅਦ ਇੱਥੇ ਰਾਜਸਥਾਨ ਸਿਹਤ ਵਿਗਿਆਨ ਯੂਨੀਵਰਸਿਟੀ (ਆਰ.ਯੂ.ਐੱਚ.ਐੱਸ.) ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਸੀ। ਪੁਲਸ ਅਨੁਸਾਰ ਉਨ੍ਹਾਂ ਨੇ ਦੂਜੀ ਮੰਜ਼ਲ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ। ਪੁਲਸ ਅਨੁਸਾਰ,''ਕੋਰੋਨਾ ਵਾਇਰਸ ਇਨਫੈਕਸ਼ਨ ਲਈ ਉਨ੍ਹਾਂ ਦਾ ਨਮੂਨਾ ਕੱਲ ਯਾਨੀ ਮੰਗਲਵਾਰ ਨੂੰ ਲਿਆ ਗਿਆ ਸੀ ਅਤੇ ਇਸ ਦੀ ਰਿਪੋਰਟ ਬੁੱਧਵਾਰ ਨੂੰ ਆਈ, ਜਿਸ 'ਚ ਉਨ੍ਹਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਹੈ। ਖੁਦਕੁਸ਼ੀ ਦਾ ਕਾਰਨ ਸਪੱਸ਼ਟ ਨਹੀਂ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।'' ਪੁਲਸ ਡਿਪਟੀ ਕਮਿਸ਼ਨਰ ਰਾਹੁਲ ਜੈਨ ਨੇ ਕਿਹਾ,''ਬਜ਼ੁਰਗ ਦੇ ਦੂਜੀ ਮੰਜ਼ਲ ਤੋਂ ਛਾਲ ਮਾਰਨ ਤੋਂ 5 ਮਿੰਟ ਪਹਿਲਾਂ ਹੀ ਹਸਪਤਾਲ ਨੂੰ ਉਨ੍ਹਾਂ ਦੀ ਰਿਪੋਰਟ ਮਿਲੀ, ਜੋ ਨੈਗੇਟਿਵ ਸੀ। ਬਜ਼ੁਰਗ ਨੂੰ ਇਹ ਪਤਾ ਨਹੀਂ ਸੀ ਕਿ ਉਹ ਇਨਫੈਕਟਡ ਨਹੀਂ ਸੀ।'' ਸ਼ਰਮਾ ਨੂੰ ਪਹਿਲੇ ਇਕ ਹੋਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਆਰ.ਯੂ.ਐੱਚ.ਐੱਸ. ਹਸਪਤਾਲ ਭੇਜਿਆ ਗਿਆ।

DIsha

This news is Content Editor DIsha