ਕੋਰੋਨਾ ਨਹੀਂ, ਜ਼ਿਆਦਾ ਗਰਮੀ ਕਾਰਨ ਬਰੇਨ ਹੈਮਰੇਜ ਨਾਲ ਹੋਈ ਸੀ ਚਮਗਾਦੜਾਂ ਦੀ ਮੌਤ

06/04/2020 4:57:41 PM

ਬਰੇਲੀ- ਪੂਰਬੀ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਕੁਝ ਦਿਨ ਪਹਿਲਾਂ ਰਹੱਸਮਈ ਹਾਲਾਤਾਂ 'ਚ ਮਰੇ ਚਮਗਾਦੜਾਂ ਦੀ ਮੌਤ ਕੋਰੋਨਾ ਕਾਰਨ ਨਹੀਂ ਦਰਅਸਲ ਜ਼ਿਆਦਾ ਗਰਮੀ ਕਾਰਨ ਬਰੇਨ ਹੈਮਰੇਜ ਕਾਰਨ ਹੋਈ ਸੀ। ਚਮਗਾਦੜਾਂ ਦੇ ਮਰਨ ਦੇ ਕਾਰਨਾਂ ਦੀ ਜਾਂਚ ਲਈ ਉਨ੍ਹਾਂ ਦੀਆਂ ਲਾਸ਼ਾਂ ਬਰੇਲੀ ਦੇ ਭਾਰਤੀ ਪਸ਼ੂ ਮੈਡੀਕਲ ਖੋਜ ਸੰਸਥਾ (ਆਈ.ਵੀ.ਆਰ.ਆਈ.) ਨੂੰ ਭੇਜੀਆਂ ਗਈਆਂ ਸਨ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸਾਰੇ ਚਮਗਾਦੜਾਂ ਦੀ ਮੌਤ ਜ਼ਿਆਦਾ ਗਰਮੀ ਕਾਰਨ ਬਰੇਨ ਹੈਮਰੇਜ ਨਾਲ ਹੋਈ ਸੀ। ਆਈ.ਵੀ.ਆਰ.ਆਈ. ਦੇ ਡਾਇਰੈਕਟਰ ਡਾਕਟਰ ਆਰ.ਕੇ. ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਚਮਗਾਦੜਾਂ ਦੀ ਮੌਤ ਦਾ ਕੋਰੋਨਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਉਨ੍ਹਾਂ ਦੀ ਮੌਤ ਜ਼ਿਆਦਾ ਗਰਮੀ ਕਾਰਨ ਬਰੇਨ ਹੈਮਰੇਜ ਕਾਰਨ ਹੋਈ ਸੀ। ਚਮਗਾਦੜਾਂ ਦੀ ਰੈਬਿਜ਼ ਅਤੇ ਕੋਰੋਨਾ ਦੀ ਵੀ ਜਾਂਚ ਆਈ.ਵੀ.ਆਰ.ਆਈ. 'ਚ ਕਰਵਾਈ ਗਈ, ਦੋਵੇਂ ਹੀ ਰਿਪੋਰਟਾਂ ਨੈਗੇਟਿਵ ਆਈਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨਾਂ `ਚ ਤਾਪਮਾਨ 45 ਡਿਗਰੀ ਪਾਰ ਕਰ ਗਿਆ ਸੀ ਅਤੇ ਗਰਮੀ ਦੀ ਪ੍ਰਚੰਡਤਾ ਅਤੇ ਪਾਣੀ ਦੀ ਕਮੀ ਪਸ਼ੂ ਅਤੇ ਪੰਛੀਆਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਤਾਪਮਾਨ ਵਧਣ ਨਾਲ ਪਸ਼ੂਆਂ ਅਤੇ ਪੰਛੀਆਂ 'ਚ ਡਿਹਾਈਡਰੇਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਸਮੇਂ ਸਿਰ ਪਾਣੀ ਨਾ ਮਿਲੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਸਿੰਘ ਨੇ ਦੱਸਿਆ ਕਿ ਗੋਰਖਪੁਰ ਦੇ ਖਜਨੀ ਰੇਂਜ ਦੇ ਬੇਲਘਾਟ ਸਥਿਤ ਇਕ ਬਾਗ 'ਚ ਪਿਛਲੇ ਮਹੀਨੇ 300 ਤੋਂ ਵਧ ਚਮਗਾਦੜਾਂ ਦੇ ਮਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼ ਦੇ ਬਲੀਆ 'ਚ ਵੀ ਚਮਗਾਦੜਾਂ ਦੀ ਮੌਤ ਹੋ ਗਈ ਸੀ। 40 ਡਿਗਰੀ ਸੈਲਸੀਅਸ ਦੇ ਉੱਪਰ ਦਾ ਤਾਪਮਾਨ ਬਰਦਾਸ਼ਤ ਕਰਨਾ ਚਮਗਾਦੜਾਂ ਲਈ ਆਸਾਨ ਨਹੀਂ ਹੁੰਦਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗੋਰਖਪੁਰ ਅਤੇ ਬਲੀਆ 'ਚ ਵੱਡੀ ਗਿਣਤੀ 'ਚ ਚਮਗਾਦੜਾਂ ਦੀ ਮੌਤ ਹੋ ਗਈ ਸੀ। ਲੋਕ ਇਸ ਨੂੰ ਕੋਰੋਨਾ ਨਾਲ ਜੋੜ ਕੇ ਦੇਖ ਰਹੇ ਸਨ। ਇਸ ਕਾਰਨ ਇਲਾਕੇ 'ਚ ਡਰ ਪੈਦਾ ਹੋ ਗਿਆ ਸੀ।


DIsha

Content Editor

Related News