ਕੋਰੋਨਾ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਐਲਾਨ, ਜ਼ਰੂਰਤ ਪਈ ਤਾਂ ਹੋਵੇਗਾ ਲਾਕਡਾਊਨ

03/21/2020 4:17:50 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਵਾਇਰਸ ਨੂੰ ਲੈ ਕੇ ਕਿਹਾ ਕਿ ਅਸੀਂ ਦਿੱਲੀ ਦੇ ਲੋਕਾਂ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਇਸ ਨੂੰ ਕਾਬੂ ਪਾਉਣ ਲਈ ਕਈ ਕਦਮ ਚੁੱਕ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਹਾਲੇ ਲਾਕਡਾਊਨ ਨਹੀਂ ਹੋਵੇਗਾ ਪਰ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਲਾਕਡਾਊਨ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਹੁਣ ਤੱਕ 26 ਕੇਸ ਹੋਏ ਹਨ, ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਕੇਸ ਅਜਿਹੇ ਹਨ, ਜੋ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਿਆ ਹੈ। ਬਾਕੀ 22 ਕੇਸ ਅਜਿਹੇ ਹਨ, ਜੋ ਵਿਦੇਸ਼ਾਂ ਤੋਂ ਬੀਮਾਰੀ ਲੈ ਕੇ ਆਏ ਸਨ।

ਦਿੱਲੀ 'ਚ 50 ਫੀਸਦੀ ਬੱਸਾਂ ਹੀ ਚੱਲਣਗੀਆਂ
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਜਿਸ ਕਾਰਨ ਐਤਵਾਰ ਨੂੰ ਟਰੇਨ, ਬੱਸਾਂ ਜਾਂ ਆਟੋ-ਟੈਕਸੀ ਵੀ ਨਹੀਂ ਚੱਲ ਰਹੇ ਹਨ। ਇਸ ਕਾਰਨ ਅਸੀਂ ਸੋਚਿਆ ਹੈ ਕਿ 50 ਫੀਸਦੀ ਬੱਸਾਂ ਹੀ ਸੜਕ 'ਤੇ ਚੱਲਣਗੀਆਂ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਹੋਟਲ 'ਚ ਕੁਆਰੰਟੀਨ ਹਨ, ਉਨ੍ਹਾਂ ਨੂੰ ਜੀ.ਐੱਸ.ਟੀ. ਮੁਆਫ਼ ਕੀਤਾ ਜਾਵੇਗਾ।

72 ਲੱਖ ਲੋਕਾਂ ਨੂੰ ਹੁਣ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਰਨ ਗਰੀਬ ਲੋਕਾਂ 'ਤੇ ਮਾਰ ਪੈ ਰਹੀ ਹੈ। ਇਸ ਦੀ ਸਾਨੂੰ ਬਹੁਤ ਚਿੰਤਾ ਹੈ। ਇਸ ਲਈ ਅਸੀਂ ਸੋਚਿਆ ਕਿ ਜੋ ਅਸੀਂ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਰਾਸ਼ਨ ਦਿੰਦੇ ਹਾਂ, ਉਸ ਨਾਲ 2 ਕਰੋੜ ਦੀ ਜਨਸੰਖਿਆ 'ਚੋਂ 72 ਲੱਖ ਲੋਕ ਜੁੜੇ ਹਨ। ਇਨ੍ਹਾਂ 72 ਲੱਖ ਲੋਕਾਂ ਨੂੰ ਹੁਣ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ।

ਵਿਧਵਾ, ਬਜ਼ੁਰਗਾਂ ਤੇ ਦਿਵਯਾਂਗ ਨੂੰ ਮਿਲੇਗੀ ਡਬਲ ਪੈਨਸ਼ਨ
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਢਾਈ ਲੱਖ ਵਿਧਵਾ ਔਰਤਾਂ ਨੂੰ ਸਰਕਾਰ ਪੈਨਸ਼ਨ ਦਿੰਦੀ ਹੈ, ਇਸ ਵਾਰ ਉਨ੍ਹਾਂ ਨੂੰ ਡਬਲ ਪੈਨਸ਼ਨ ਦਿੱਤੀ ਜਾਵੇਗੀ। ਉੱਥੇ ਹੀ 5 ਲੱਖ ਬਜ਼ੁਰਗਾਂ ਦੀ ਪੈਨਸ਼ਨ ਵੀ ਡਬਲ ਹੋ ਰਹੀ ਹੈ, ਉੱਥੇ ਹੀ ਦਿਵਯਾਂਗ ਲੋਕਾਂ ਦੀ ਪੈਨਸ਼ਨ ਵੀ ਡਬਲ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਬੇਘਰ ਲੋਕ ਹਨ, ਉਹ ਨਾਈਟ ਸ਼ੈਲਟਰ 'ਚ ਆ ਕੇ ਖਾਣਾ ਖਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਖਾਸ ਅਪੀਲ ਹੈ ਕਿ ਜਿੰਨੇ ਵੀ 60 ਸਾਲ ਤੋਂ ਉੱਪਰ ਦੇ ਬਜ਼ੁਰਗ ਹਨ, ਉਹ ਥੋੜ੍ਹੀ ਦੇਰ ਸੈਰ ਬੰਦ ਕਰ ਦੇਣ। ਕਿਉਂਕਿ ਕੋਰੋਨਾ ਬਜ਼ੁਰਗਾਂ ਲਈ ਜ਼ਿਆਦਾ ਖਤਰਨਾਕ ਹੈ।


DIsha

Content Editor

Related News