ਵੁਹਾਨ ਤੋਂ ਪਰਤੇ ਸਾਰੇ 406 ਲੋਕ ਸੁਰੱਖਿਅਤ, ਨਹੀਂ ਮਿਲੇ ਕੋਰੋਨਾਵਾਇਰਸ ਦੇ ਲੱਛਣ

02/16/2020 6:15:55 PM

ਨਵੀਂ ਦਿੱਲੀ (ਭਾਸ਼ਾ)— ਚੀਨ ਦੇ ਵੁਹਾਨ ਤੋਂ ਪਰਤੇ ਸਾਰੇ 406 ਲੋਕਾਂ ਦੀ ਆਖਰੀ ਜਾਂਚ 'ਚ ਉਨ੍ਹਾਂ ਦੇ ਕੋਰੋਨਾਵਾਇਰਸ ਤੋਂ ਪੀੜਤ ਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਇੰਡੋ ਤਿੱਬਤੀ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੇ ਇਕ ਵੱਖਰੇ ਕੇਂਦਰ 'ਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਸੋਮਵਾਰ ਸਵੇਰੇ ਛੁੱਟੀ ਦੇ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਦਰਅਸਲ ਡਾਕਟਰਾਂ ਦੀ ਇਕ ਟੀਮ ਨੇ ਬੀਤੇ ਸ਼ੁੱਕਰਵਾਰ ਨੂੰ ਇੱਥੇ ਇੰਡੋ ਤਿੱਬਤੀ ਬਾਰਡਰ ਪੁਲਸ ਦੇ ਵੱਖਰੇ ਕੇਂਦਰ 'ਚ ਰੱਖੇ ਇਨ੍ਹਾਂ ਸਾਰੇ ਲੋਕਾਂ ਦੀ ਜਾਂਚ ਦੇ ਨਮੂਨੇ ਇਕੱਠੇ ਕੀਤੇ ਸਨ। ਇੰਡੋ ਤਿੱਬਤੀ ਬਾਰਡਰ ਪੁਲਸ ਦੇ ਬੁਲਾਰੇ ਨੇ ਐਤਵਾਰ ਭਾਵ ਅੱਜ ਕਿਹਾ ਕਿ ਸਾਰੇ ਲੋਕਾਂ ਦੇ ਨਮੂਨਿਆਂ ਦੀ ਜਾਂਚ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਨ੍ਹਾਂ 'ਚੋਂ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰਾਲੇ ਵਲੋਂ ਡਾਕਟਰੀ ਪ੍ਰਕਿਰਿਆਵਾਂ ਅਤੇ ਪ੍ਰੋਟੋਕਾਲ ਨਾਲ ਜਾਰੀ ਕੀਤੀ ਗਈ ਐਡਵਾਇਜ਼ਰੀ ਦੇ ਆਧਾਰ 'ਤੇ ਸਾਰੇ 406 ਵਿਅਕਤੀਆਂ ਨੂੰ ਸੋਮਵਾਰ ਨੂੰ ਲੜੀਬੱਧ ਤਰੀਕੇ ਨਾਲ ਛੁੱਟੀ ਦੇ ਦਿੱਤੀ ਜਾਵੇਗੀ।

ਚੀਨ 'ਚ ਫੈਲਿਆ ਇਹ ਜਾਨਲੇਵਾ ਵਾਇਰਸ ਕਾਰਨ ਦੁਨੀਆ ਭਰ ਦੇ ਦੇਸ਼ਾਂ 'ਚ ਦਹਿਸ਼ਤ ਹੈ। ਇਸ ਵਾਇਰਸ ਕਾਰਨ ਚੀਨ 'ਚ ਹੁਣ ਤਕ ਕਰੀਬ 1600 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 68 ਹਜ਼ਾਰ ਤੋਂ ਵਧੇਰੇ ਲੋਕ ਲਪੇਟ 'ਚ ਹਨ। ਵਾਇਰਸ ਦਾ ਕੇਂਦਰ ਚੀਨ ਦੇ ਸ਼ਹਿਰ ਵੁਹਾਨ 'ਚ ਹੈ, ਜਿੱਥੇ ਸਭ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ।


Tanu

Content Editor

Related News