ਕੋਰੋਨਾ : ਈਰਾਨ 'ਚ ਫਸੇ ਭਾਰਤੀਆਂ ਦਾ ਰੈਸਕਿਊ, 58 ਲੋਕਾਂ ਦਾ ਪਹਿਲਾ ਜੱਥਾ ਪੁੱਜਾ ਗਾਜ਼ੀਆਬਾਦ

03/10/2020 10:56:36 AM

ਗਾਜ਼ੀਆਬਾਦ— ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਕਰੀਬ 101 ਦੇਸ਼ਾਂ 'ਚ ਤਬਾਹੀ ਮਚਾ ਰੱਖੀ ਹੈ। ਭਾਰਤ 'ਚ ਵੀ ਇਹ ਵਾਇਰਸ ਦਸਤਕ ਦੇ ਚੁੱਕਾ ਹੈ। ਇਟਲੀ ਅਤੇ ਈਰਾਨ 'ਚ ਵੀ ਵਾਇਰਸ ਦਹਿਸ਼ਤ ਫੈਲਾ ਰਿਹਾ ਹੈ। ਈਰਾਨ 'ਚ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਨਾਲ ਮਰਨ ਵਾਲਿਆਂ ਦਾ ਅੰਕੜਾ ਸੋਮਵਾਰ ਨੂੰ 243 ਤਕ ਪੁੱਜ ਗਿਆ ਹੈ। ਈਰਾਨ 'ਚ ਕਰੀਬ 2000 ਭਾਰਤੀ ਨਾਗਰਿਕ ਹਨ। ਇਸ ਦਰਮਿਆਨ ਈਰਾਨ 'ਚ ਫਸੇ ਭਾਰਤੀਆਂ ਦਾ ਰੈਸਕਿਊ ਕਰ ਲਿਆ ਗਿਆ ਹੈ ਅਤੇ 58 ਭਾਰਤੀ ਸ਼ਰਧਾਲੂਆਂ ਦਾ ਪਹਿਲਾ ਜੱਥਾ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ ਪਹੁੰਚ ਗਿਆ ਹੈ। ਈਰਾਨ ਦੇ ਤਹਿਰਾਨ ਤੋਂ ਇੰਡੀਅਨ ਏਅਰ ਫੋਰਸ ਦਾ ਸੀ-17 ਗੋਲਬਮਾਸਟਰ ਜ਼ਹਾਜ਼ 58 ਲੋਕਾਂ ਨੂੰ ਗਾਜ਼ੀਆਬਾਦ ਲੈ ਕੇ ਪੁੱਜਾ ਹੈ। 



ਇਹ ਸਾਰੇ ਲੋਕ ਧਾਰਮਿਕ ਯਾਤਰਾ ਲਈ ਈਰਾਨ ਗਏ ਹੋਏ ਸਨ। ਇਸ ਦਰਮਿਆਨ ਕੋਰੋਨਾ ਵਾਇਰਸ ਨੇ ਈਰਾਨ 'ਚ ਪੈਰ ਪਸਾਰ ਲਏ ਤਾਂ ਹਰ ਪਾਸੇ ਖੌਫ ਪੈਦਾ ਹੋ ਗਿਆ। ਭਾਰਤ ਸਰਕਾਰ ਵੀ ਅਲਰਟ ਹੋ ਗਈ ਅਤੇ ਈਰਾਨ ਤੋਂ ਭਾਰਤੀਆਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਓਧਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਸੀ ਕਿ ਸਰਕਾਰ ਪਹਿਲਾਂ ਹੀ ਤੀਰਥ ਯਾਤਰੀਆਂ ਨੂੰ ਕੱਢਣ ਦੀ ਪ੍ਰਕਿਰਿਆ ਵਿਚ ਹੈ। ਜੈਸ਼ੰਕਰ ਨੇ ਈਰਾਨ 'ਚ ਸਾਡੇ ਦੂਤਘਰ ਅਤੇ ਭਾਰਤੀ ਡਾਕਟਰੀ ਟੀਮ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ, ਜੋ ਕਿ ਚੁਣੌਤੀਪੂਰਨ ਸਥਿਤੀਆਂ 'ਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇੰਡੀਅਨ ਏਅਰ ਫੋਰਸ ਦਾ ਵੀ ਧੰਨਵਾਦ ਕੀਤਾ। ਅਸੀਂ ਈਰਾਨਾ ਅਧਿਕਾਰੀਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕਰਦੇ ਹਾਂ ਅਤੇ ਅਸੀਂ ਉੱਥੇ ਫਸੇ ਹੋਰ ਭਾਰਤੀਆਂ ਦੀ ਵਾਪਸੀ 'ਤੇ ਕੰਮ ਕਰ ਰਹੇ ਹਾਂ।


ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤੀਆਂ ਨੂੰ ਉਨ੍ਹਾਂ ਦੇ ਡਾਕਟਰੀ ਨਿਰੀਖਣ ਤੋਂ ਬਾਅਦ ਛੇਤੀ ਹੀ ਵੱਖਰੇ-ਵੱਖਰੇ ਕੈਂਪਾਂ 'ਚ ਭੇਜਿਆ ਜਾਵੇਗਾ ਅਤੇ ਅਗਲੇ 15 ਦਿਨਾਂ ਲਈ ਉਨ੍ਹਾਂ ਨੂੰ ਉੱਥੇ ਨਿਗਰਾਨੀ ਹੇਠ ਰੱਖਿਆ ਜਾਵੇਗਾ। ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਕਈ ਦੇਸ਼ਾਂ ਤੋਂ ਨਿਕਾਸੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਵਾਇਰਸ ਚੀਨ ਦੇ ਸ਼ਹਿਰ ਵੁਹਾਨ ਤੋਂ ਫੈਲਿਆ ਸੀ। ਭਾਰਤ ਆਪਣੇ ਨਾਗਰਿਕਾਂ ਅਤੇ ਹੋਰ ਦੋਸਤਾਨਾ ਦੇਸ਼ਾਂ ਦੇ ਨਾਗਰਿਕਾਂ ਨੂੰ ਪਹਿਲ ਦੇ ਆਧਾਰ ਚੀਨ ਤੋਂ ਸੁਰੱਖਿਅਤ ਵਾਪਸੀ ਲਈ ਪੂਰਾ ਸਹਿਯੋਗ ਕਰ ਰਿਹਾ ਹੈ। ਏਅਰ ਇੰਡੀਆ ਨੇ ਇਸ ਤੋਂ ਪਹਿਲਾਂ 654 ਯਾਤਰੀਆਂ ਦੀ ਵਾਪਸੀ ਲਈ ਵਿਸ਼ੇਸ਼ ਉਡਾਣਾਂ ਚਲਾਈਆਂ ਸਨ, ਜਿਨ੍ਹਾਂ 'ਚ 647 ਭਾਰਤੀ ਨਾਗਰਿਕ ਸ਼ਾਮਲ ਸਨ।

Tanu

This news is Content Editor Tanu