ਕੋਰੋਨਾ ਵਾਇਰਸ : ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਏਅਰ ਇੰਡੀਆ ਦਾ ਇਕ ਹੋਰ ਜਹਾਜ਼ ਚੀਨ ਰਵਾਨਾ

02/01/2020 4:26:30 PM

ਨਵੀਂ ਦਿੱਲੀ (ਭਾਸ਼ਾ)— ਚੀਨ 'ਚ ਫੈਲਿਆ ਜਾਨਲੇਵਾ ਕੋਰੋਨਾ ਵਾਇਰਸ ਕਾਰਨ ਇੱਥੋਂ ਦੇ ਲੋਕ ਦਹਿਸ਼ਤ ਵਿਚ ਹਨ। ਚੀਨ 'ਚ ਰਹਿਣ ਵਾਲੇ ਭਾਰਤੀਆਂ 'ਚ ਵੀ ਇਸ ਵਾਇਰਸ ਨੂੰ ਲੈ ਕੇ ਦਹਿਸ਼ਤ ਹੈ। ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਏਅਰ ਇੰਡੀਆ ਦਾ ਇਕ ਹੋਰ ਵਿਸ਼ੇਸ਼ ਜਹਾਜ਼ ਅੱਜ ਭਾਵ ਸ਼ਨੀਵਾਰ ਨੂੰ ਚੀਨ ਰਵਾਨਾ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ  ਦੁਪਹਿਰ 12 ਵਜ ਕੇ 50 ਮਿੰਟ 'ਤੇ ਜਹਾਜ਼ ਦਿੱਲੀ ਤੋਂ ਚੀਨ ਦੇ ਵੁਹਾਨ ਸ਼ਹਿਰ ਲਈ ਰਵਾਨਾ ਹੋਇਆ। ਇਸ ਜਹਾਜ਼ 'ਚ ਚਾਲਕ ਦਲ ਦੇ ਮੈਂਬਰ ਤਾਂ ਦੂਜੇ ਹੋਣਗੇ ਪਰ ਡਾਕਟਰਾਂ ਦੀ ਟੀਮ ਪਹਿਲਾਂ ਵਾਲੀ ਹੀ ਹੋਵੇਗੀ। 

ਬਚਾਅ ਟੀਮ ਦੀ ਅਗਵਾਈ ਇਕ ਵਾਰ ਫਿਰ ਏਅਰ ਇੰਡੀਆ ਦੇ ਪਰਿਚਾਲਨ ਡਾਇਰੈਕਟਰ ਕੈਪਟਨ ਅਮਿਤਾਭ ਸਿੰਘ ਕਰਨਗੇ। ਏਅਰ ਇੰਡੀਆ ਦੇ ਮੈਨੇਜਰ ਡਾਇਰੈਕਟਰ ਅਸ਼ਵਨੀ ਲੋਹਾਨੀ ਨੇ ਕਿਹਾ ਸੀ ਕਿ ਜਹਾਜ਼ ਵਿਚ ਕੋਈ ਸੇਵਾ ਨਹੀਂ ਦਿੱਤੀ ਜਾਵੇਗੀ। ਜੋ ਵੀ ਖੁਰਾਕ ਪਦਾਰਥ ਹੋਣਗੇ, ਉਹ ਸੀਟ ਪਾਕੇਟ 'ਚ ਵੀ ਰੱਖੇ ਹੋਣਗੇ। ਹੋਰ ਕੋਈ ਸੇਵਾ ਨਹੀਂ ਦਿੱਤੀ ਜਾਵੇਗੀ ਕਿਉਂਕਿ ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ਵਿਚਾਲੇ ਕੋਈ ਸੰਪਰਕ ਨਹੀਂ ਹੋਵੇਗਾ। ਇੱਥੇ ਦੱਸ ਦੇਈਏ ਕਿ ਚੀਨ ਦੇ ਹੁਬੇਈ ਸੂਬਾ ਇਸ ਵਾਇਰਸ ਕਾਰਨ ਸਭ ਤੋਂ ਵਧ ਪ੍ਰਭਾਵਿਤ ਹੈ। ਚੀਨ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 259 ਹੋ ਗਈ ਹੈ ਅਤੇ ਇਨਫੈਕਸ਼ਨ ਦੇ 11,791 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 

ਦੱਸਣਯੋਗ ਹੈ ਕਿ ਏਅਰ ਇੰਡੀਆ ਦਾ ਬੀ747 ਜਹਾਜ਼ ਚੀਨ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ 324 ਭਾਰਤੀ ਨਾਗਰਿਕਾਂ ਨੂੰ ਲੈ ਕੇ ਸ਼ਨੀਵਾਰ ਸਵੇਰੇ ਦਿੱਲੀ ਪੁੱਜਾ। ਚੀਨ ਤੋਂ ਲਿਆਂਦੇ ਗਏ ਭਾਰਤੀਆਂ 'ਚ 3 ਨਾਬਾਲਗ, 211 ਵਿਦਿਆਰਥੀ ਅਤੇ 110 ਪੇਸ਼ੇਵਰ ਸ਼ਾਮਲ ਸਨ। ਜਹਾਜ਼ ਸਵੇਰੇ ਸਾਢੇ 7 ਵਜੇ ਦੇ ਕਰੀਬ ਦਿੱਲੀ ਪੁੱਜਾ। ਵਾਪਸ ਭਾਰਤ ਲਿਆਂਦੇ ਗਏ 324 ਭਾਰਤੀਆਂ 'ਚੋਂ 104 ਸ਼ੱਕੀ ਲੋਕਾਂ ਨੂੰ ਦਿੱਲੀ ਦੇ ਆਈ. ਟੀ. ਬੀ. ਪੀ. ਕੇਂਦਰ ਦਾਖਲ ਕੀਤਾ ਗਿਆ ਹੈ। ਹਾਲਾਂਕਿ ਭਾਰਤ ਵਲੋਂ ਵਾਇਰਸ ਦੇ ਬਚਾਅ ਲਈ ਹੋਰ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਚੀਨ ਤੋਂ ਵਾਪਸ ਪਰਤ ਰਹੇ ਲੋਕਾਂ ਦੀ ਹਵਾਈ ਅੱਡਿਆਂ 'ਤੇ ਹੀ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਵਾਇਰਸ ਨੂੰ ਰੋਕਿਆ ਜਾ ਸਕੇ।

 

Tanu

This news is Content Editor Tanu