ਜਾਨਲੇਵਾ ਕੋਰੋਨਾ : ਕੇਰਲ ਸਰਕਾਰ ਨੇ ਜਾਰੀ ਕੀਤਾ ਅਲਰਟ, ਤਿੰਨ ਮਾਮਲਿਆਂ ਦੀ ਪੁਸ਼ਟੀ

02/04/2020 1:41:44 PM

ਨਵੀਂ ਦਿੱਲੀ/ਕੇਰਲ— ਕੇਰਲ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਹੁਣ ਇਸ ਨੂੰ ਸੂਬਾਈ ਆਫ਼ਤ ਐਲਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਕੇਰਲ 'ਚ ਕੋਰੋਨਾ ਵਾਇਰਸ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਇਨਫੈਕਟਡ ਪਾਇਆ ਗਿਆ। ਕੇਰਲ ਦੀ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਕਿਹਾ,''ਮਰੀਜ਼ ਦਾ ਇਲਾਜ ਕਾਸਰਗੋਡ ਦੇ ਕੰਜਾਂਗੜ ਜ਼ਿਲਾ ਹਸਪਤਾਲ 'ਚ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਚੀਨ ਦੇ ਵੁਹਾਨ ਸ਼ਹਿਰ ਤੋਂ ਆਇਆ ਸੀ, ਫਿਲਹਾਲ ਉਸ ਦੀ ਹਾਲਤ ਸਥਿਰ ਹੈ। ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਤੱਕ ਕੇਰਲ 'ਚ ਹੀ ਸਭ ਤੋਂ ਵਧ ਪਾਏ ਗਏ ਹਨ। ਇਸ ਨੂੰ ਹੋਰ ਵਧਣ ਤੋਂ ਰੋਕਣ ਲਈ ਸਰਕਾਰ ਨੇ ਪੁਖਤਾ ਇੰਤਜ਼ਾਮ ਕੀਤੇ ਹਨ ਅਤੇ ਹੁਣ ਇਸ ਨੂੰ ਸੂਬਾਈ ਆਫ਼ਤ ਐਲਾਨ ਕਰ ਦਿੱਤਾ ਹੈ।

2 ਹਜ਼ਾਰ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਨਿਗਰਾਨੀ 'ਚ ਰੱਖਿਆ
ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਕੇਰਲ ਤੋਂ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਬਾਕੀ ਦੇ 2 ਮਰੀਜ਼ ਵੀ ਚੀਨ ਗਏ ਸਨ। ਕੇਰਲ 'ਚ ਸਰਕਾਰ ਨੇ 2 ਹਜ਼ਾਰ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਨਿਗਰਾਨੀ 'ਚ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਘਰ 'ਚ ਵੀ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੇਰਲ ਤੋਂ ਪਹਿਲਾਂ ਮਾਮਲਾ ਥਿਰੂਸਰ ਤੋਂ ਵੀਰਵਾਰ ਨੂੰ ਸਾਹਮਣੇ ਆਇਆ ਸੀ। ਇਹ ਮਹਿਲਾ ਚੀਨ ਦੇ ਵੁਹਾਨ ਤੋਂ ਸ਼ਹਿਰ ਆਈ ਸੀ ਅਤੇ ਉੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ।

ਭਾਰਤ ਦੇ ਲੋਕ ਚੀਨ ਦੀ ਯਾਤਰਾ ਕਰਨ ਤੋਂ ਬਚਣ
ਭਾਰਤ ਦੇ ਕੇਰਲ ਸੂਬੇ 'ਚ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਸਰਕਾਰ ਹੋਰ ਸੁਚੇਤ ਹੋ ਗਈ ਹੈ। ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਆਪਣੇ ਟਰੈਵਲ ਐਡਵਾਇਜ਼ਰੀ 'ਚ ਕੁਝ ਤਬਦੀਲੀ ਕੀਤੀ ਅਤੇ ਚੀਨ ਦੀ ਯਾਤਰਾ ਕਰਨ ਦੀ ਸੋਚ ਰਹੇ ਭਾਰਤੀਆਂ ਨੂੰ ਚਿਤਾਵਨੀ ਦਿੱਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਦੇ ਲੋਕ ਚੀਨ ਦੀ ਯਾਤਰਾ ਕਰਨ ਤੋਂ ਬਚਣ ਅਤੇ 15 ਜਨਵਰੀ 2020 ਤੋਂ ਜਿਸ ਕਿਸੇ ਨੇ ਵੀ ਚੀਨ ਦੀ ਯਾਤਰਾ ਕੀਤੀ ਹੈ, ਉਸ ਨੂੰ ਹੁਣ ਤੋਂ ਵੱਖ ਰੱਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਕੇਂਦਰੀ ਸਿਹਤ ਮੰਤਰਾਲੇ ਚੀਨੀ ਪਾਸਪੋਰਟ ਧਾਰਕਾਂ ਲਈ ਈ-ਵੀਜ਼ਾ ਸਹੂਲਤ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਹੈ। ਹੁਣ ਚੀਨੀ ਨਾਗਰਿਕਾਂ ਨੂੰ ਪਹਿਲਾਂ ਜਾਰੀ ਈ-ਵੀਜ਼ਾ ਵੀ ਅਸਥਾਈ ਰੂਪ ਨਾਲ ਵੈਧ ਨਹੀਂ ਹੈ।

DIsha

This news is Content Editor DIsha