ਕੋਰੋਨਾ ਵਾਇਰਸ : ਕੇਰਲ ''ਚ ਸੈਰ-ਸਪਾਟਾ ਉਦਯੋਗ ਸੰਕਟ ''ਚ, ਯਾਤਰਾ ਰੱਦ ਕਰ ਰਹੇ ਨੇ ਲੋਕ

02/06/2020 4:21:09 PM

ਤਿਰੂਅਨੰਤਪੁਰਮ (ਭਾਸ਼ਾ)— ਏਸ਼ੀਆ ਦੇ ਮਸ਼ਹੂਰ ਸੈਰ-ਸਪਾਟਾ ਸਥਾਨਾਂ 'ਚੋਂ ਇਕ 'ਗੌਡਸ ਆਨ ਕੰਟਰੀ' ਕੇਰਲ 'ਚ ਕੋਰੋਨਾ ਵਾਇਰਸ ਕਾਰਨ ਸੈਰ-ਸਪਾਟਾ ਉਦਯੋਗ 'ਤੇ ਵੱਡਾ ਸੰਕਟ ਪੈ ਰਿਹਾ ਹੈ। ਦਰਅਸਲ ਕੇਰਲ, ਨਿਪਾਹ ਵਾਇਰਸ ਅਤੇ ਪਿਛਲੇ 3 ਸਾਲਾਂ ਵਿਚ ਇਕ ਤੋਂ ਬਾਅਦ ਇਕ ਆਏ ਹੜ੍ਹ ਦੇ ਕਹਿਰ ਤੋਂ ਉੱਭਰਨ ਦੀ ਰਾਹ 'ਤੇ ਸੀ ਪਰ ਇਸ ਵਾਇਰਸ ਕਾਰਨ ਇਕ ਵਾਰ ਫਿਰ ਖੌਫ ਪੈਦਾ ਹੋ ਗਿਆ ਹੈ। ਕੇਰਲ ਦੇ ਸਮੁੰਦਰੀ ਕੰਢਿਆਂ ਦੇ ਦਿਲਕਸ਼ ਨਜ਼ਾਰੇ, ਹਰੇ ਭਰੇ ਪਰਬਤੀ ਸਥਾਨ ਅਤੇ ਜੰਗਲੀ ਵਾਤਾਵਰਣ ਨੇ ਦੁਨੀਆ ਭਰ ਦੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਦੇ ਸੈਰ-ਸਪਾਟਾ ਉਦਯੋਗ ਦਾ ਸੂਬੇ ਦੀ ਅਰਥਵਿਵਸਥਾ 'ਚ ਵੱਡਾ ਯੋਗਦਾਨ ਹੈ। ਕੇਰਲ ਦਾ ਸੈਰ-ਸਪਾਟਾ ਉਦਯੋਗ 2020 ਵਿਚ ਹੋਰ ਵਧ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਇਸ ਦਰਮਿਆਨ ਭਾਰਤ 'ਚ ਕੋਰੋਨਾ ਵਾਇਰਸ ਦੇ ਸਾਰੇ 3 ਪਾਜ਼ੀਟਿਵ ਮਾਮਲੇ ਇੱਥੋਂ ਹੀ ਸਾਹਮਣੇ ਆਏ, ਜਿਸ ਨਾਲ ਵੱਡੀ ਗਿਣਤੀ ਵਿਚ ਸੈਲਾਨੀਆਂ ਨੇ ਆਪਣੀ ਬੁਕਿੰਗ ਰੱਦ ਕਰ ਦਿੱਤੀ। 

PunjabKesari
ਚੀਨ ਦੇ ਵੁਹਾਨ ਯੂਨੀਵਰਸਿਟੀ ਵਿਚ ਪੜ੍ਹ ਰਹੇ ਸੂਬੇ ਦੇ ਤਿੰਨ ਮੈਡੀਕਲ ਵਿਦਿਆਰਥੀਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 2,528 ਲੋਕ ਨਿਗਰਾਨੀ ਵਿਚ ਹਨ। ਤਾਜ਼ਾ ਅੰਕੜਿਆਂ ਮੁਤਾਬਕ 93 ਲੋਕ ਵੱਖ-ਵੱਖ ਹਸਪਤਾਲਾਂ ਦੇ ਵੱਖ-ਵੱਖ ਵਾਰਡਾਂ ਵਿਚ ਭਰਤੀ ਹਨ। ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਦਾ ਦਾਅਵਾ ਹੈ ਕਿ ਸੂਬੇ ਭਰ ਵਿਚ ਹੋਟਲ ਬੁਕਿੰਗ ਅਤੇ ਯਾਤਰਾ ਪੈਕਜ ਵੱਡੀ ਗਿਣਤੀ ਵਿਚ ਰੱਦ ਹੋਣੇ ਸ਼ੁਰੂ ਹੋ ਗਏ ਹਨ। ਕੇਰਲ ਸਰਕਾਰ ਨੇ ਕੋਰੋਨਾ ਵਾਇਰਸ ਨੂੰ 'ਸੂਬਾ ਆਫਤ' ਐਲਾਨ ਕਰਨ ਤੋਂ ਬਾਅਦ ਸੈਰ-ਸਪਾਟਾ ਮੰਤਰੀ ਕੜਕਮਪੱਲੀ ਸੁਰਿੰਦਰਨ ਨੇ ਮੰਨਿਆ ਕਿ ਇਸ ਖੇਤਰ ਨੂੰ ਵੱਡਾ ਨੁਕਸਾਨ ਹੋਇਆ ਹੈ।

PunjabKesari

ਸੂਬੇ ਵਿਚ ਸੈਰ-ਸਪਾਟਾ ਦਾ ਸਭ ਤੋਂ ਰੁੱਝਿਆ ਸਮਾਂ ਨਵੰਬਰ-ਫਰਵਰੀ ਹੈ, ਜਦਕਿ ਘਰੇਲੂ ਮਹਿਮਾਨ ਅਪ੍ਰੈਲ-ਮਈ, ਅਗਸਤ-ਸਤੰਬਰ ਅਤੇ ਦਸੰਬਰ-ਜਨਵਰੀ ਵਿਚ ਆਉਂਦੇ ਹਨ। ਇਸ ਦਰਮਿਆਨ ਸੂਬੇ ਦੇ ਸੈਰ-ਸਪਾਟਾ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯਾਤਰਾਵਾਂ ਰੱਦ ਕਰਾਉਣ ਦੀ ਸਟੀਕ ਗਿਣਤੀ ਅਜੇ ਉਪਲੱਬਧ ਨਹੀਂ ਹੈ ਪਰ ਉਨ੍ਹਾਂ ਨੇ ਮੰਨਿਆ ਹੈ ਕਿ ਹੜ੍ਹ ਅਤੇ ਹੋਰ ਮਹਾਮਾਰੀਆਂ ਦੀ ਵਾਰ-ਵਾਰ ਸਾਹਮਣੇ ਆ ਰਹੀਆਂ ਘਟਨਾਵਾਂ ਨਾਲ ਸੈਰ-ਸਪਾਟਾ ਉਦਯੋਗ 'ਤੇ ਵੱਡਾ ਅਸਰ ਪੈ ਰਿਹਾ ਹੈ।


Tanu

Content Editor

Related News