ਏਮਜ਼ ਮੁਖੀ ਨੇ ਦਿੱਤੀ ਚੇਤਵਾਨੀ, 6 ਤੋਂ 8 ਹਫ਼ਤਿਆਂ ਤੱਕ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ

06/19/2021 4:51:22 PM

ਨਵੀਂ ਦਿੱਲੀ- ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਵਿਡ-ਉਪਯੁਕਤ ਰਵੱਈਏ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਭੀੜ ਨਹੀਂ ਰੋਕੀ ਗਈ ਤਾਂ ਅਗਲੇ 6 ਤੋਂ 8 ਹਫ਼ਤਿਆਂ 'ਚ ਵਾਇਰਲ ਸੰਕਰਮਣ ਦੀ ਅਗਲੀ ਲਹਿਰ ਦੇਸ਼ 'ਚ ਦਸਤਕ ਦੇ ਸਕਦੀ ਹੈ। ਗੁਲੇਰੀਆ ਨੇ ਕਿਹਾ ਕਿ ਜਦੋਂ ਤੱਕ ਵੱਡੀ ਗਿਣਤੀ 'ਚ ਆਬਾਦੀ ਦਾ ਟੀਕਾਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਕੋਵਿਡ-ਉਪਯੁਕਤ ਰਵੱਈਏ ਦਾ ਪਾਲਣ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸੰਕਰਮਣ ਦੇ ਮਾਮਲਿਆਂ 'ਚ ਵੱਡਾ ਵਾਧਾ ਹੋਣ 'ਤੇ ਸਖ਼ਤ ਨਿਗਰਾਨੀ ਅਤੇ ਖੇਤਰ ਵਿਸ਼ੇਸ਼ 'ਚ ਲਾਕਡਾਊਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। 

ਗੁਲੇਰੀਆ ਨੇ ਦੋਹਰਾਇਆ ਕਿ ਹੁਣ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸੰਕਰਮਣ ਦੀ ਅਗਲੀ ਲਹਿਰ 'ਚ ਬੱਚੇ ਜ਼ਿਆਦਾ ਪ੍ਰਭਾਵਿਤ ਹੋਣਗੇ। ਇਸ ਤੋਂ ਪਹਿਲਾਂ, ਭਾਰਤ ਦੇ ਮਹਾਮਾਰੀ ਵਿਗਿਆਨੀਆਂ ਨੇ ਸੰਕੇਤ ਦਿੱਤਾ ਸੀ ਕਿ ਕੋਰੋਨਾ ਦੀ ਤੀਜੀ ਲਹਿਰ ਲਾਜ਼ਮੀ ਹੈ ਅਤੇ ਇਸ ਦੇ ਸਤੰਬਰ-ਅਕਤੂਬਰ ਤੋਂ ਸ਼ੁਰੂ ਹੋਣ ਦਾ ਖ਼ਦਸ਼ਾ ਹੈ। ਭਾਰਤ ਅਪ੍ਰੈਲ ਅਤੇ ਮਈ 'ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ, ਜਿਸ 'ਚ ਹਰ ਦਿਨ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਗਈ ਸੀ ਅਤੇ ਵੱਖ-ਵੱਖ ਹਸਪਤਾਲਾਂ 'ਚ ਆਕਸੀਜਨ ਦੀ ਸਪਲਾਈ ਦੀ ਕਮੀ ਕਾਰਨ ਸੰਕਟ ਵੱਧ ਗਿਆ ਸੀ। ਹਾਲਾਂਕਿ, ਹੁਣ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਦੇਖੀ ਗਈ ਅਤੇ ਸੰਕਰਮਣ ਦਰ ਵੀ ਪਿਛਲੇ ਕਈ ਦਿਨਾਂ ਤੋਂ ਘੱਟ ਰਹੀ ਹੈ। ਕੋਰੋਨਾ ਦੇ ਹਰ ਦਿਨ ਸਾਹਮਣੇ ਆਉਣ ਵਾਲੇ ਮਾਮਲੇ ਜੋ ਕਰੀਬ 4 ਲੱਖ ਹੋ ਗਏ ਸ਼ਨ, ਹੁਣ ਇਹ ਘੱਟ ਕੇ 60 ਹਜ਼ਾਰ ਦੇ ਨੇੜੇ-ਤੇੜੇ ਹੋ ਗਏ ਹਨ। 

ਗੁਲੇਰੀਆ ਨੇ ਕਿਹਾ,''ਜੇਕਰ ਕੋਰੋਨਾ ਉਪਯੁਕਤ ਰਵੱਈਏ ਦਾ ਪਾਲਣ ਨਹੀਂ ਕੀਤਾ ਜਾਂਦਾ ਹੈ ਤਾਂ ਤੀਜੀ ਲਹਿਰ 6 ਤੋਂ 8 ਹਫ਼ਤਿਆਂ 'ਚ ਆ ਸਕਦੀ ਹੈ। ਸਾਨੂੰ ਟੀਕਾਕਰਨ ਹੋਣ ਤੱਕ ਇਕ ਹੋਰ ਵੱਡੀ ਲਹਿਰ ਲਈ ਰੋਕਣ ਲਈ ਹਮਲਾਵਰ ਤਰੀਕੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ।'' ਉਨ੍ਹਾਂ ਨੇ ਕਿਹਾ ਕਿ ਕੋਵਿਡ ਹੌਟਸਪਾਟ 'ਚ ਨਿਗਰਾਨੀ ਅਤੇ ਸੰਕਰਮਣ ਦੇ ਮਾਮਲਿਆਂ 'ਚ ਵੱਧ ਵਾਧਾ ਹੋਣ 'ਤੇ ਲਾਕਡਾਊਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਖੇਤਰ ਵਿਸ਼ੇਸ਼ 'ਚ ਮਾਮਲਿਆਂ 'ਚ ਵਾਧਾ ਹੁੰਦਾ ਹੈ ਅਤੇ ਸੰਕਰਮਣ ਦਰ 5 ਫੀਸਦੀ ਤੋਂ ਵੱਧ ਹੁੰਦੀ ਹੈ, ਖੇਤਰ ਵਿਸ਼ੇਸ਼ ਲਾਕਡਾਊਨ ਅਤੇ ਰੋਕਥਾਮ ਉਪਾਵਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ,''ਹਾਲਾਂਕਿ ਆਰਥਿਕ ਗਤੀਵਿਧੀਆਂ ਧਿਆਨ 'ਚ ਰੱਖਦੇ ਹੋਏ ਰਾਸ਼ਟਰੀ ਪੱਧਰ ਦਾ ਲਾਕਡਾਊਨ (ਮਹਾਮਾਰੀ 'ਤੇ ਰੋਕ ਲਗਾਉਣ ਲਈ) ਹੱਲ ਨਹੀਂ ਹੋ ਸਕਦਾ ਹੈ।''

DIsha

This news is Content Editor DIsha