ਨਾ ਐਂਬੂਲੈਂਸ ਮਿਲੀ, ਨਾ ਹੀ ਇਲਾਜ, ਸਕੂਟਰੀ ''ਤੇ ਹੀ ਮਰੀਜ਼ ਨੇ ਤੋੜਿਆ ਦਮ

04/15/2020 12:01:49 PM

ਇੰਦੌਰ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਨਾਲ ਇੰਦੌਰ 'ਚ ਸਥਿਤੀ ਬੇਕਾਬੂ ਹੈ, ਮਰੀਜ਼ਾਂ ਦੀ ਗਿਣਤੀ 500 ਤੋਂ ਪਾਰ ਪਹੁੰਚ ਚੁੱਕੀ ਹੈ। ਅਜਿਹੇ 'ਚ ਪ੍ਰਸ਼ਾਸਨ ਦੀ ਲਾਪਰਵਾਹੀ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਮੰਗਲਵਾਰ ਦੇ ਦਿਨ ਇਕ ਕੋਰੋਨਾ ਸ਼ੱਕੀ ਨੇ ਸਕੂਟਰੀ 'ਤੇ ਹੀ ਦਮ ਤੋੜ ਦਿੱਤਾ। ਉਸ ਤੋਂ ਬਾਅਦ ਉਸ ਦੀ ਲਾਸ਼ ਲੈ ਕੇ ਪਰਿਵਾਰ ਸ਼ਹਿਰ 'ਚ ਭਟਕਦਾ ਰਿਹਾ ਪਰ ਪ੍ਰਸ਼ਾਸਨ ਵੱਲੋਂ ਇਕ ਐਂਬੂਲੈਂਸ ਦੀ ਵਿਵਸਥਾ ਨਹੀਂ ਕੀਤੀ ਗਈ।

ਦੱਸਣਯੋਗ ਹੈ ਕਿ ਇੰਦੌਰ ਦੇ ਮਰੀਮਾਤਾ ਇਲਾਕੇ ਦੇ ਪਾਂਡੂਰਾਓ ਪਿਛਲੇ 8-10 ਦਿਨਾਂ ਤੋਂ ਬੀਮਾਰ ਸੀ। ਉਸ ਨੂੰ ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਸੀ।ਪਰਿਵਾਰ ਮੁਤਾਬਕ ਮੰਗਲਵਾਰ ਨੂੰ ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ। ਉਸ ਤੋਂ ਬਾਅਦ ਹਸਪਤਾਲ ਲੈ ਕੇ ਗਏ, ਜਿੱਥੇ ਇਲਾਜ ਨਹੀਂ ਹੋ ਸਕਿਆ। ਇਸ ਤੋਂ ਬਾਅਦ ਇੰਦੌਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਐੱਮਵਾਏ 'ਚ ਐਂਬੂਲੈਂਸ ਲਈ ਫੋਨ ਕੀਤਾ ਪਰ ਐਂਬੂਲੈਂਸ ਨਹੀਂ ਮਿਲੀ। ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਸਕੂਟਰੀ ਰਾਹੀਂ ਪਾਂਡੂਰਾਓ ਨੂੰ ਲੈ ਕੇ ਸਿੱਧਾ ਹਸਪਤਾਲ ਪਹੁੰਚੇ ਪਰ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ। ਹਸਪਤਾਲ 'ਚ ਪਰਿਵਾਰਿਕ ਮੈਂਬਰ ਓ.ਪੀ.ਡੀ ਕੋਲ ਮ੍ਰਿਤਕ ਪਾਂਡੂਰਾਓ ਨੂੰ ਲੈ ਕੇ ਕਾਫੀ ਦੇਰ ਤੱਕ ਬੈਠੇ ਰਹੇ ਪਰ ਉਨ੍ਹਾਂ ਦਾ ਕੋਰੋਨਾ ਲਈ ਸੈਂਪਲ ਨਹੀਂ ਲਿਆ ਗਿਆ।

ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪਾਂਡੂਰਾਓ 'ਚ ਕੋਰੋਨਾ ਦੇ ਲੱਛਣ ਸੀ ਪਰ ਪ੍ਰਸ਼ਾਸਨ ਵੱਲੋਂ ਉਸਦਾ ਸੈਂਪਲ ਨਹੀਂ ਲਿਆ ਗਿਆ। ਹਸਪਤਾਲ ਤੋਂ ਮ੍ਰਿਤਕ ਨੂੰ ਸਕੂਟਰੀ ਰਾਹੀਂ ਘਰ ਲਿਆ ਕੇ ਉਸ ਦਾ ਸੰਸਕਾਰ ਕੀਤਾ ਗਿਆ ਪਰ ਕੋਰੋਨਾ ਲਈ ਤੈਅ ਕਿਸੇ ਵੀ ਪ੍ਰੋਟੋਕਾਲ ਦਾ ਪਾਲਣ ਨਹੀਂ ਕੀਤਾ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਸਕੂਟਰੀ 'ਤੇ ਪੰਡੂਰਾਓ ਦੀ ਲਾਸ਼ ਲੈ ਕੇ ਜਾਂਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

Iqbalkaur

This news is Content Editor Iqbalkaur