'ਕੋਰੋਨਾ' ਜੰਗ ਜਿੱਤਣ ਲਈ ਭਾਰਤ ਸਰਕਾਰ ਦੀ ਦ੍ਰਿੜਤਾ, ਇਕ ਦਿਨ 'ਚ 9 ਲੱਖ ਤੋਂ ਵਧੇਰੇ ਟੈਸਟ

08/20/2020 11:05:24 AM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਰੋਜ਼ਾਨਾ 60 ਹਜ਼ਾਰ ਦੇ ਕਰੀਬ ਮਰੀਜ਼ ਸਾਹਮਣੇ ਆ ਰਹੇ ਹਨ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਵਾਇਰਸ ਦਾ ਪਤਾ ਲਾਉਣ ਲਈ ਕੋਰੋਨਾ ਜਾਂਚ ਦਾ ਦਾਇਰਾ ਵਧਾਇਆ ਗਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਮੁਤਾਬਕ ਹੁਣ ਤੱਕ ਯਾਨੀ ਕਿ 19 ਅਗਸਤ 2020 ਤੱਕ 3,26,61,252 ਲੋਕਾਂ ਦੇ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਇਕੱਲੀ 19 ਤਾਰੀਖ਼ ਨੂੰ ਹੀ 9,18,470 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਪ੍ਰਯੋਗਸ਼ਲਾਵਾਂ ਦੀ ਵੱਧਦੀ ਗਿਣਤੀ ਅਤੇ ਸੌਖਾਲੀ ਜਾਂਚ ਸਹੂਲਤ ਦੇ ਚੱਲਦਿਆਂ ਇਹ ਮਹੱਤਵਪੂਰਨ ਉਪਲੱਬਧੀ ਹਾਸਲ ਹੋ ਸਕੀ ਹੈ। 

PunjabKesari

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਕਿਹਾ ਹੈ ਵਾਇਰਸ ਦਾ ਪਤਾ ਲਾਉਣ ਲਈ ਵੱਡੀ ਗਿਣਤੀ 'ਚ ਜਾਂਚ ਕਾਰਗਰ ਸਾਬਤ ਹੋਈ ਹੈ। ਦੱਸ ਦੇਈਏ ਕਿ ਇਸ ਸਾਲ ਜਨਵਰੀ ਦੇ ਸ਼ੁਰੂ 'ਚ ਇਸ ਮਹਾਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ 'ਚ ਇਸ ਦੀ ਜਾਂਚ ਸਹੂਲਤ ਸਿਰਫ ਪੁਣੇ ਸਥਿਤ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ ਵਿਚ ਸੀ। ਅੱਜ 1,470 ਪ੍ਰਯੋਗਸ਼ਲਾਵਾਂ 'ਚ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਮਹਾਮਾਰੀ ਦਾ ਠੀਕ ਸਮੇਂ 'ਤੇ ਪਤਾ ਲੱਗ ਸਕੇ ਅਤੇ ਲੋਕਾਂ ਨੂੰ ਉੱਚਿਤ ਇਲਾਜ ਮਿਲ ਸਕੇ। ਸਿਹਤ ਮੰਤਰਾਲਾ ਮੁਤਾਬਕ ਜ਼ਿਆਦਾ ਅਤੇ ਸਮੇਂ 'ਤੇ ਜਾਂਚ ਹੋਣ ਨਾਲ ਲੋਕਾਂ ਦੇ ਪਾਜ਼ੇਟਿਵ ਪਾਏ ਜਾਣ ਦੀ ਦਰ ਨਾਲ ਹੀ ਕੋਰੋਨਾ ਤੋਂ ਮੌਤ ਦਰ ਵੀ ਡਿੱਗੀ ਹੈ। ਮੋਦੀ ਸਰਕਾਰ ਵੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉੱਚਿਤ ਕਦਮ ਚੁੱਕ ਰਹੀ ਹੈ। ਸਰਕਾਰ ਦਾ ਟੀਚਾ ਰੋਜ਼ਾਨਾ 5 ਲੱਖ ਟੈਸਟ ਦਾ ਸੀ ਪਰ 19 ਅਗਸਤ ਨੂੰ 9 ਲੱਖ ਤੋਂ ਵਧੇਰੇ ਟੈਸਟ ਹੋਏ ਹਨ, ਜੋ ਕਿ ਜਾਨਲੇਵਾ ਵਾਇਰਸ 'ਤੇ ਨੱਥ ਪਾਉਣ ਲਈ ਵੱਡੀ ਪ੍ਰਾਪਤੀ ਹੈ।

PunjabKesari

ਭਾਰਤ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਇਸ ਸਮੇਂ 28 ਲੱਖ ਤੋਂ ਪਾਰ ਹੋ ਗਿਆ ਹੈ, ਯਾਨੀ ਕਿ 28,36,926 ਕੋਰੋਨਾ ਮਰੀਜ਼ਾਂ ਦਾ ਅੰਕੜਾ ਹੋ ਚੁੱਕਾ, ਜਿਨ੍ਹਾਂ 'ਚੋਂ 20,96,665 ਲੋਕ ਇਸ ਜਾਨਲੇਵਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਹੁਣ ਤੱਕ 53,866 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ 6,86,395 ਅਜੇ ਵੀ ਸਰਗਰਮ ਕੇਸ ਹਨ। ਪਿਛਲੇ 24 ਘੰਟਿਆਂ ਦੇ ਅੰਦਰ 69,652 ਕੇਸ ਸਾਹਮਣੇ ਆਏ ਹਨ ਅਤੇ 977 ਲੋਕਾਂ ਦੀ ਮੌਤ ਹੋਈ।


Tanu

Content Editor

Related News