ਦੇਸ਼ ਦੇ 14 ਸੂਬਿਆਂ ''ਚ ਤਬਲੀਗੀ ਜਮਾਤ ਨਾਲ ਜੁੜੇ 647 ਲੋਕਾਂ ''ਚ ਕੋਰੋਨਾ ਦੀ ਪੁਸ਼ਟੀ: ਸਿਹਤ ਮੰਤਰਾਲਾ

04/03/2020 6:16:45 PM

ਨਵੀਂ ਦਿੱਲੀ-ਦੇਸ਼ 'ਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਸਿਹਤ ਮੰਤਰਾਲੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਆਏ ਦਿਨ ਪ੍ਰੈੱਸ ਕਾਨਫਰੰਸ ਕਰ ਕੇ ਸਥਿਤੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਹੈ ਕਿ ਪਿਛਲੇ 24 ਘੰਟਿਆਂ 'ਚ 14 ਸੂਬਿਆਂ 'ਚੋਂ ਕੋਰੋਨਾ ਦੇ 647 ਮਰੀਜ਼ ਸਾਹਮਣੇ ਆਏ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ ਹੋਈਆਂ ਮੌਤਾਂ 'ਚੋਂ ਕਈ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿਹਤ ਕਰਮਚਾਰੀਆਂ ਨਾਲ ਦੁਰਵਿਹਾਰ ਕਰਨਾ ਠੀਕ ਨਹੀਂ, ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਗ੍ਰਹਿ ਮੰਤਰਾਲੇ ਦੀ ਅਧਿਕਾਰੀ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਮੰਤਰਾਲੇ ਨੇ ਸਾਰੇ ਸੂਬਾ ਸਰਕਾਰਾਂ ਨੂੰ ਪੱਤਰ ਲਿਖ ਕੇ ਸਿਹਤ ਕਰਮਚਾਰੀਆਂ ਅਤੇ ਫ੍ਰੰਟਲਾਈਨ ਵਰਕਰਾਂ 'ਤੇ ਹਮਲੇ ਦੇ ਮਾਮਲੇ 'ਚ ਸਖਤ ਕਾਰਵਾਈ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਸਾਰੇ ਸੂਬਾ ਸਰਕਾਰਾਂ ਨੂੰ ਕੋਰੋਨਾ ਖਿਲਾਫ ਲੜਾਈ 'ਚ ਸ਼ਾਮਲ ਸਿਹਤ ਕਰਮਚਾਰੀਆਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। 

ਦੇਸ਼ 'ਚ ਇਕ ਪ੍ਰੋਗਰਾਮ ਕਾਰਨ ਵਧੇ ਕੋਰੋਨਾ ਦੇ ਮਾਮਲੇ-
ਸਿਹਤ ਮੰਤਰਾਲੇ ਦੇ ਸਯੁੰਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 336 ਨਵੇਂ ਮਾਮਲੇ ਸਾਹਮਣੇ ਆਏ। ਦੇਸ਼ 'ਚ ਇਕ ਪ੍ਰੋਗਰਾਮ ਦੇ ਕਾਰਨ ਕੋਰੋਨਾ ਦੇ ਮਾਮਲੇ ਵਧੇ। ਅਜਿਹੀਆਂ ਘਟਨਾਵਾਂ ਕਾਰਨ ਸਾਰੇ ਯਤਨ ਫੇਲ ਹੋ ਗਏ। ਦਿੱਲੀ 'ਚ ਕੋਰੋਨਾ ਦੇ 141 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 129 ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। 

ਗ੍ਰਹਿ ਮੰਤਰਾਲੇ ਨੇ ਦੋ ਨਵੀਆਂ ਹੈਲਪਲਾਈਨਾਂ ਦੀ ਸ਼ੁਰੂਆਤ ਕੀਤੀ-
ਗ੍ਰਹਿ ਮੰਤਰਾਲੇ ਵੱਲੋ ਦੱਸਿਆ ਗਿਆ ਹੈ ਕਿ ਤਬਲੀਗੀ ਜਮਾਤ ਦੇ 960 ਵਿਦੇਸ਼ੀਆਂ ਦੇ ਵੀਜ਼ੇ ਕੈਂਸਲ ਕਰ ਦਿੱਤੇ ਗਏ ਹਨ। ਉਨ੍ਹਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮ 'ਚ ਹੁਣ ਤੱਕ 7 ਹੈਲਪਲਾਈਨ ਨੰਬਰ ਸੀ। ਦੋ ਨਵੇਂ ਹੈਲਪਲਾਈਨ ਦੀ ਹੋਰ ਸ਼ੁਰੂਆਤ ਕੀਤੀ ਗਈ ਹੈ। ਇਹ ਹਨ- 1930 (ਆਲ ਇੰਡੀਆ ਟੋਲ ਫ੍ਰੀ ਨੰਬਰ) ਅਤੇ 1944 (ਨਾਰਥ ਈਸਟ ਦੇ ਲਈ ਡੈਡੀਕੇਟਿਡ)। ਹੈਲਪਲਾਈਨ ਨੰਬਰ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ 'ਤੇ ਹੀ ਉਪਲੱਬਧ ਹੈ।

Iqbalkaur

This news is Content Editor Iqbalkaur