SCO ਸ਼ਿਖਰ ਸੰਮੇਲਨ : ਪੀ.ਐੱਮ. ਮੋਦੀ ਨੇ ਪਾਕਿ ਰਾਸ਼ਟਰਪਤੀ ਨਾਲ ਮਿਲਾਇਆ ਹੱਥ (ਵੀਡੀਓ)

06/11/2018 12:27:21 PM

ਬੀਜਿੰਗ/ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਪਾਕਿਸਤਾਨ ਨੇ ਪਹਿਲੀ ਵਾਰੀ ਪੂਰਨ ਮੈਂਬਰ ਦੇ ਤੌਰ 'ਤੇ ਸ਼ੰਘਾਈ ਸਹਿਯੋਗ ਸੰਗਠਨ (SCO) ਸ਼ਿਖਰ ਸੰਮੇਲਨ ਵਿਚ ਹਿੱਸਾ ਲਿਆ। ਚੀਨ ਦੇ ਕਿੰਗਦਾਓ ਵਿਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ ਦੇ ਸੈਸ਼ਨ ਨੂੰ ਸੰਬੋਧਿਤ ਕੀਤਾ ਅਤੇ ਅੱਤਵਾਦ ਦਾ ਮੁੱਦਾ ਵੀ ਉਠਾਇਆ। ਪੀ.ਐੱਮ. ਮੋਦੀ ਨੇ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਾਰਤ ਆਪਣੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗਾ। ਇਸ ਦੌਰਾਨ ਐੱਸ. ਸੀ. ਓ. ਮੈਂਬਰ ਦੇਸ਼ਾਂ ਵਿਚਕਾਰ ਸਮਝੌਤਿਆਂ 'ਤੇ ਦਸਤਖਤ ਹੋਏ। ਜਿਸ ਮਗਰੋਂ ਮੰਚ 'ਤੇ ਇਕ ਦਿਲਚਸਪ ਤਸਵੀਰ ਸਾਹਮਣੇ ਆਈ। ਅਸਲ ਵਿਚ ਜਿਸ ਸਮੇਂ ਐੱਸ. ਸੀ. ਓ. ਦੇ ਮੰਚ 'ਤੇ ਪੀ.ਐੱਮ. ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲ ਰਹੇ ਸਨ, ਉਸੇ ਦੌਰਾਨ ਉੱਥੇ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਰਹੇ ਰਾਸ਼ਟਰਪਤੀ ਮਮਨੂਨ ਹੁਸੈਨ ਪਹੁੰਚ ਗਏ।

ਮਮਨੂਨ ਹੁਸੈਨ ਨੇ ਪੀ.ਐੱਮ. ਮੋਦੀ ਕੋਲ ਪਹੁੰਚਦੇ ਹੀ ਉਨ੍ਹਾਂ ਵੱਲ ਹੱਥ ਵਧਾਇਆ। ਪੀ.ਐੱਮ. ਮੋਦੀ ਨੇ ਉਨ੍ਹਾਂ ਦੀ ਇਸ ਪਹਿਲ ਨੂੰ ਪੂਰਾ ਸਨਮਾਨ ਦਿੰਦੇ ਹੋਏ ਆਪਣਾ ਹੱਥ ਅੱਗੇ ਵਧਾਇਆ ਅਤੇ ਉਨ੍ਹਾਂ ਦਾ ਸਵਾਗਤ ਸਵੀਕਾਰ ਕੀਤਾ। ਇੰਨਾ ਹੀ ਨਹੀਂ ਪੀ.ਐੱਮ. ਮੋਦੀ ਨੇ ਮਮਨੂਨ ਹੁਸੈਨ ਨਾਲ ਕੁਝ ਸੈਕੰਡ ਗੱਲਬਾਤ ਵੀ ਕੀਤੀ। ਹਾਲਾਂਕਿ ਇਹ ਗੱਲਬਾਤ ਥੋੜ੍ਹੇ ਸਮੇਂ ਦੀ ਹੀ ਸੀ। ਇਸ ਵਿਚ ਪੀ.ਐੱਮ. ਮੋਦੀ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੂੰ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਹਨ। ਜਦਕਿ ਮਮਨੂਨ ਹੁਸੈਨ ਦੇ ਚਿਹਰੇ 'ਤੇ ਹਲਕੀ ਮੁਸਕਾਨ ਦਿਖਾਈ ਦੇ ਰਹੀ ਹੈ। ਇਸ ਮਗਰੋਂ ਪੀ.ਐੱਮ. ਮੋਦੀ ਅੱਗੇ ਵੱਧ ਜਾਂਦੇ ਹਨ ਅਤੇ ਮਮਨੂਨ ਹੁਸੈਨ ਪੀ.ਐੱਮ. ਮੋਦੀ ਦੀ ਪਿੱਠ 'ਤੇ ਹੱਥ ਰੱਖ ਕੇ ਅੱਗੇ ਵੱਧ ਜਾਂਦੇ ਹਨ। ਫਿਰ ਮਮਨੂਨ ਹੁਸੈਨ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਦੂਜੇ ਨੇਤਾਵਾਂ ਨਾਲ ਮੁਲਾਕਾਤ ਕਰਨ ਲੱਗ ਪੈਂਦੇ ਹਨ।