ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸੋਨੀਆ ਨੇ PM ਮੋਦੀ ਨੂੰ ਲਿਖੀ ਚਿੱਠੀ

06/16/2020 11:34:12 AM

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨਾਲ ਜੁੜੇ ਫੈਸਲੇ ਨੂੰ ਅਸੰਵੇਦਨਸ਼ੀਲ ਕਰਾਰ ਦਿੱਤਾ। ਉਨ੍ਹਾਂ ਨੇ ਮੰਗਲਵਾਰ ਨੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਲੋਕਾਂ ਦੀ ਪਰੇਸ਼ਾਨੀ ਵਧਾਉਣ ਵਾਲੇ ਇਸ ਵਾਧੇ ਨੂੰ ਵਾਪਸ ਲਿਆ ਜਾਵੇ। ਪ੍ਰਧਾਨ ਮੰਤਰੀ ਨੂੰ ਲਿੱਖੀ ਚਿੱਠੀ 'ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ 2,60,000 ਕਰੋੜ ਰੁਪਏ ਦਾ ਵਾਧੂ ਮਾਲੀਆ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਦੋਂ ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਦੇ ਆਤਮਨਿਰਭਰ ਹੋਣ ਦੀ ਉਮੀਦ ਕਰਦੇ ਹਨ ਤਾਂ ਅਜਿਹੇ ਸੰਕਟ ਦੇ ਸਮੇਂ ਲੋਕਾਂ 'ਤੇ ਵਿੱਤੀ ਬੋਝ ਪਾਉਣਾ ਉੱਚਿਤ ਨਹੀਂ ਹੈ।

ਸੋਨੀਆ ਨੇ ਕਿਹਾ,''ਮੌਜੂਦਾ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਦੌਰਾਨ ਭਾਰਤ ਨੂੰ ਸਿਹਤ ਸੰਬੰਧੀ, ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਨੂੰ ਇਸ ਗੱਲ ਦਾ ਦਰਦ ਹੈ ਕਿ ਅਜਿਹੇ ਮੁਸ਼ਕਲ ਸਮੇਂ 'ਚ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਅਸੰਵੇਦਨਸ਼ੀਲ ਫੈਸਲਾ ਲਿਆ।'' ਉਨ੍ਹਾਂ ਅਨੁਸਾਰ ਅਜਿਹੇ ਸਮੇਂ ਸਰਕਾਰ ਦੇ ਇਸ ਫੈਸਲੇ ਦਾ ਕੋਈ ਕਾਰਨ ਸਮਝ ਨਹੀਂ ਆਉਂਦਾ, ਜਦੋਂ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਚੱਲੀ ਗਈਆਂ ਹਨ, ਉਨ੍ਹਾਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੈ, ਛੋਟੇ, ਮੱਧਮ ਅਤੇ ਵੱਡੇ ਕਾਰੋਬਾਰ ਬੰਦ ਹੋ ਰਹੇ ਹਨ ਅਤੇ ਕਿਸਾਨਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਕਰੀਬ 9 ਫੀਸਦੀ ਕਮੀ ਆਈ ਪਰ ਸਰਕਾਰ ਮੁਸ਼ਕਲ ਦੇ ਸਮੇਂ ਲੋਕਾਂ ਨੂੰ ਇਸ ਦਾ ਲਾਭ ਦੇਣ ਲਈ ਕੁਝ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ,''ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਵਾਧੇ ਨੂੰ ਵਾਪਸ ਲਿਆ ਜਾਵੇ ਕੱਚੇ ਤੇਲ ਦੀ ਘੱਟ ਕੀਮਤ ਦਾ ਲਾਭ ਸਿੱਧੇ ਦੇਸ਼ ਦੇ ਨਾਗਰਿਕਾਂ ਨੂੰ ਦਿੱਤਾ ਜਾਵੇ।'' ਸੋਨੀਆ ਨੇ ਕਿਹਾ,''ਜੇਕਰ ਤੁਸੀਂ ਲੋਕਾਂ ਦੇ ਆਤਮਨਿਰਭਰ ਹੋਣ ਦੀ ਉਮੀਦ ਕਰਦੇ ਹੋ ਤਾਂ ਅੱਗੇ ਵਧਣ ਦੇ ਉਨ੍ਹਾਂ ਦੇ ਰਸਤੇ 'ਚ ਵਿੱਤੀ ਰੁਕਾਵਟ ਨਾ ਖੜ੍ਹੀ ਕਰੋ। ਮੈਂ ਫਿਰ ਤੋਂ ਕਹਿ ਰਹੀ ਹਾਂ ਕਿ ਜੋ ਲੋਕ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੇ ਹੱਥਾਂ 'ਚ ਸਿੱਧੇ ਪੈਸੇ ਦਿਓ।''

ਦੱਸਣਯੋਗ ਹੈ ਕਿ ਤੇਲ ਕੰਪਨੀਆਂ ਵਲੋਂ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 47 ਪੈਸੇ ਅਤੇ ਡੀਜ਼ਲ ਦੀ ਕੀਮਤ 93 ਪੈਸੇ ਪ੍ਰਤੀ ਲੀਟਰ ਵਧਾ ਦਿੱਤੀ ਗਈ। ਇਹੀ ਨਹੀਂ ਏ.ਟੀ.ਐੱਫ. ਯਾਨੀ ਜਹਾਜ਼ ਫਿਊਲ ਦੀ ਕੀਮਤ 'ਚ ਵੀ 16.3 ਫੀਸਦੀ ਦਾ ਵਾਧਾ ਕੀਤਾ ਗਿਆ। ਪੈਟਲੋ ਅਤੇ ਡੀਲਜ਼ ਦੀ ਕੀਮਤ 'ਚ ਲਗਾਤਾਰ 10ਵੇਂ ਦਿਨ ਵਾਧਾ ਕੀਤਾ ਗਿਆ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 47 ਪੈਸੇ ਵਧ ਕੇ 76.73 ਰੁਪਏ ਪ੍ਰਤੀ ਲੀਟਰ ਜਦੋਂ ਕਿ ਡੀਜ਼ਲ ਦੀ ਕੀਮਤ 93 ਪੈਸੇ ਵਧ ਕੇ 75.19 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

DIsha

This news is Content Editor DIsha