ਪ੍ਰਧਾਨ ਮੰਤਰੀ ਸਾਹਮਣੇ ਆਉਣ ਅਤੇ ਚੀਨ ਨਾਲ ਟਕਰਾਅ ''ਤੇ ਦੇਸ਼ ਨੂੰ ਭਰੋਸੇ ''ਚ ਲੈਣ : ਸੋਨੀਆ ਗਾਂਧੀ

06/17/2020 6:00:59 PM

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੱਦਾਖ 'ਚ ਸ਼ਹੀਦ ਹੋਏ 20 ਜਵਾਨਾਂ ਨੂੰ ਨਮਨ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਆਉਣ ਅਤੇ ਮੌਜੂਦਾ ਸਥਿਤੀ ਬਾਰੇ ਸੱਚ ਅਤੇ ਤੱਥਾਂ ਦੇ ਆਧਾਰ 'ਤੇ ਦੇਸ਼ ਨੂੰ ਭਰੋਸੇ 'ਚ ਲੈਣ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਚੀਨ ਨੇ ਕਿੰਨੇ ਹਿੱਸੇ 'ਤੇ ਕਬਜ਼ਾ ਕੀਤਾ ਹੈ ਅਤੇ ਸਾਡੇ ਜਵਾਨਾਂ ਦੀ ਸ਼ਹਾਦਤ ਕਿਉਂ ਹੋਈ? ਸੋਨੀਆ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ,''ਸਾਡੇ 20 ਜਵਾਨਾਂ ਦੀ ਸ਼ਹਾਦਤ ਨੇ ਦੇਸ਼ ਦੇ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੈਂ ਇਨ੍ਹਾਂ ਸਾਰੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ। ਨਾਲ ਹੀ ਪ੍ਰਾਰਥਨਾ ਕਰਦੀ ਹਾਂ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਦੁਖ ਸਹਿਣ ਦੀ ਸ਼ਕਤੀ ਮਿਲੇ।'' ਉਨ੍ਹਾਂ ਨੇ ਕਿਹਾ,''ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਡੇਢ ਮਹੀਨਿਆਂ ਤੋਂ ਚੀਨ ਦੀ ਫੌਜ ਨੇ ਲੱਦਾਖ 'ਚ ਭਾਰਤੀ ਸਰਹੱਦ 'ਚ ਘੁਸਪੈਠ ਕਰ ਰੱਖੀ ਹੈ। ਜਦੋਂ ਦੇਸ਼ 'ਚ ਇਸ ਘਟਨਾ ਨੂੰ ਲੈ ਕੇ ਭਾਰੀ ਗੁੱਸਾ ਹੈ ਤਾਂ ਪ੍ਰਧਾਨ ਮੰਤਰੀ ਨੂੰ ਸਾਹਮਣੇ ਆ ਕੇ ਇਹ ਦੱਸਣਾ ਚਾਹੀਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕਿਵੇਂ ਕੀਤਾ ਅਤੇ ਕਿੱਥੇ-ਕਿੱਥੇ ਕਬਜ਼ਾ ਕਰ ਰੱਖਿਆ ਹੈ? ਇਸ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਦੀ ਨੀਤੀ ਕੀ ਹੈ?''

ਸੋਨੀਆ ਨੇ ਕਿਹਾ,''ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਫ਼ਤ ਦੀ ਇਸ ਘੜੀ 'ਚ ਕਾਂਗਰਸ ਦੇਸ਼ ਦੀ ਫੌਜ, ਫੌਜੀਆਂ, ਫੌਜੀਆਂ ਦੇ ਪਰਿਵਾਰਾਂ ਅਤੇ ਸਰਕਾਰ ਨਾਲ ਖੜ੍ਹੀ ਹੈ। ਮੈਨੂੰ ਉਮੀਦ ਹੈ ਕਿ ਪੂਰਾ ਦੇਸ਼ ਇਕਜੁਟ ਹੋ ਕੇ ਇਸ ਆਫ਼ਤ ਦਾ ਮੁਕਾਬਲਾ ਕਰੇਗਾ।'' ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਉਹ ਦੇਸ਼ ਦੇ ਸਾਹਮਣੇ ਆਉਣ ਅਤੇ ਆਫ਼ਤ ਦੀ ਇਸ ਘੜੀ 'ਚ ਸੱਚ ਅਤੇ ਤੱਥਾਂ ਦੇ ਆਧਾਰ 'ਤੇ ਦੇਸ਼ ਨੂੰ ਭਰੋਸਾ ਦਿਵਾਉਣ।'' ਦੱਸਣਯੋਗ ਹੈ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਸੋਮਵਾਰ ਰਾਤ ਚੀਨੀ ਫੌਜੀਆਂ ਨਾਲ ਹਿੰਸਕ ਝੜਪ 'ਚ ਭਾਰਤੀ ਫੌਜ ਦੇ ਇਕ ਕਰਨਲ ਸਮੇਤ 20 ਫੌਜ ਕਰਮਚਾਰੀ ਸ਼ਹੀਦ ਹੋ ਗਏ।

DIsha

This news is Content Editor DIsha