ਵਾਘੇਲਾ ਦਾ ਵੱਡਾ ਬਿਆਨ- ਮੈਨੂੰ 24 ਘੰਟੇ ਪਹਿਲਾਂ ਕਾਂਗਰਸ ਨੇ ਪਾਰਟੀ 'ਚੋਂ ਕੱਢ ਦਿੱਤਾ

07/21/2017 3:47:38 PM

ਗੁਜਰਾਤ— ਇੱਥੋਂ ਦੇ ਵੱਡੇ ਨੇਤਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਆਪਣੇ ਜਨਮਦਿਨ 'ਤੇ ਆਯੋਜਿਤ ਸਮਾਰੋਹ ਦੌਰਾਨ ਵਾਘੇਲਾ ਨੇ ਕਿਹਾ,''ਮੈਨੂੰ 24 ਘੰਟੇ ਪਹਿਲਾਂ ਕਾਂਗਰਸ ਨੇ ਪਾਰਟੀ ਤੋਂ ਕੱਢ ਦਿੱਤਾ ਹੈ। ਉੱਥੇ ਹੀ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਵਾਘੇਲਾ ਗਲਤ ਬੋਲ ਰਹੇ ਹਨ, ਉਨ੍ਹਾਂ ਨੂੰ ਪਾਰਟੀ ਤੋਂ ਨਹੀਂ ਕੱਢਿਆ ਗਿਆ ਹੈ। ਆਪਣੇ ਜਨਮਦਿਨ ਪ੍ਰੋਗਰਾਮ 'ਚ ਕਾਂਗਰਸ ਨੇਤਾਵਾਂ ਦੇ ਆਉਣ 'ਤੇ ਰੋਕ ਤੋਂ ਗੁੱਸਾਏ ਵਾਘੇਲਾ ਖੁੱਲ੍ਹ ਕੇ ਸਾਹਮਣੇ ਆਏ ਹਨ। ਵਾਘੇਲਾ ਨੇ ਪ੍ਰੋਗਰਾਮ ਤੋਂ ਕੁਝ ਘੰਟੇ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਪਾਰਟੀ ਨੂੰ ਰੋਕ ਲਾਉਣ ਦਾ ਅਧਿਕਾਰ ਹੈ ਪਰ ਵਿਧਾਇਕਾਂ ਅਤੇ ਹੋਰ ਨੇਤਾਵਾਂ ਨੂੰ ਇਸ ਨੂੰ ਮੰਨਣ ਅਤੇ ਨਾ ਮੰਨਣ ਦਾ ਵੀ ਅਧਿਕਾਰ ਹੈ। ਉਨ੍ਹਾਂ ਦੇ ਪ੍ਰੋਗਰਾਮ ਦਾ ਗੁਜਰਾਤ ਦੀਆਂ ਤਿੰਨ ਰਾਜ ਸਭਾ ਸੀਟਾਂ ਅਤੇ ਉੱਪ ਰਾਸ਼ਟਰਪਤੀ ਦੀਆਂ ਆਉਣ ਵਾਲੀਆਂ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਕ੍ਰਾਸ ਵੋਟਿੰਗ ਬਾਰੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਇਸ ਬਾਰੇ ਸਾਰੇ ਵਿਧਾਇਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਸਾਰੇ 57 ਕਾਂਗਰਸੀ ਵਿਧਾਇਕਾਂ ਦੀ ਵੋਟਿੰਗ ਯਕੀਨੀ ਕਰਨਾ ਸੀ, ਜੋ ਉਨ੍ਹਾਂ ਨੇ ਬਖੂਬੀ ਕੀਤਾ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵੀ ਦੋਹਾਂ ਵਿਧਾਇਕਾਂ ਨੂੰ ਵਿਰੋਧੀ ਧਿਰ ਨਾਲ ਵੋਟਿੰਗ ਕਰਵਾਈ ਸੀ। 
ਦੂਜੇ ਪਾਸੇ ਉਨ੍ਹਾਂ ਦੇ ਵਿਧਾਇਕ ਪੁੱਤਰ ਮਹੇਂਦਰ ਸਿੰਘ ਵਾਘੇਲਾ ਨੇ ਪਾਰਟੀ ਦੇ ਇਸ ਫੈਸਲੇ 'ਤੇ ਖੁੱਲ੍ਹੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਜਨਮਦਿਨ ਅਤੇ ਅਜਿਹੇ ਹੋਰ ਸਮਾਜਿਕ ਪ੍ਰੋਗਰਾਮਾਂ ਨੂੰ ਰਾਜਨੀਤੀ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਦੇ ਪਿਤਾ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਮਹੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ 50 ਸਾਲਾਂ ਤੋਂ ਲੰਬੇ ਜਨਤਕ ਜੀਵਨ 'ਚ ਕੋਈ ਵੀ ਉਨ੍ਹਾਂ ਦੀ ਵਫ਼ਾਦਾਰੀ 'ਤੇ ਸਵਾਲ ਖੜ੍ਹਾ ਨਹੀਂ ਕਰ ਸਕਿਆ ਹੈ।  
ਵਾਘੇਲਾ ਦਾ ਅਗਲਾ ਕਦਮ ਜੋ ਵੀ ਹੋਵੇ ਪਰ ਇਕ ਗੱਲ ਤਾਂ ਸਾਫ਼ ਹੈ ਕਿ ਉਹ ਪਹਿਲਾਂ ਤੋਂ ਹੀ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਹਨ। 15 ਦਿਨ ਪਹਿਲਾਂ ਉਨ੍ਹਾਂ ਨੇ ਗਾਂਧੀਨਗਰ 'ਚ ਇਕ ਸੰਮੇਲਨ ਕੀਤਾ ਸੀ, ਜਿਸ 'ਚ ਕਾਂਗਰਸ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ। ਅੱਜ ਦੇ ਸੰਮੇਲਨ 'ਚ ਜੇਕਰ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਤਾਂ ਦਸੰਬਰ 'ਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਲਈ ਵੱਡਾ ਝਟਕਾ ਹੋਵੇਗਾ। ਵਾਘੇਲਾ ਦੇ ਖਿਲਾਫ ਮਨੀ ਲਾਂਡਰਿੰਗ, ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵਧ ਸੰਪਤੀ ਦੇ ਮਾਮਲਿਆਂ 'ਚ ਜਾਂਚ ਚੱਲ ਰਹੀ ਹੈ।