ਕਾਂਗਰਸ ਤੇ ਖੱਬੀਆਂ ਪਾਰਟੀਆਂ ਹਨ ਠੱਗ, ਦੋਵਾਂ ਨੇ ਦਿੱਤਾ ਕੇਰਲ ਨੂੰ ਧੋਖਾ : ਮੋਦੀ

03/16/2024 12:08:44 PM

ਪਠਾਨਾਮਥਿੱਟਾ (ਕੇਰਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਸੱਤਾਧਾਰੀ ਖੱਬੇ ਜਮਹੂਰੀ ਮੋਰਚੇ (ਐੱਲ. ਡੀ. ਐੱਫ.) ਅਤੇ ਵਿਰੋਧੀ ਧਿਰ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਨੂੰ ‘ਠੱਗ’ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਰਾਜ ਵਿਚ ਦੋਵੇਂ ਇਕ-ਦੂਜੇ ਦੇ ਵਿਰੋਧੀ ਹੋਣ ਦਾ ਦਿਖਾਵਾ ਕਰਦੇ ਹਨ ਜਦਕਿ ਦਿੱਲੀ ਵਿਚ ਗਲੇ ਮਿਲਦੇ ਹਨ। ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੇਰਲ ਦੇ ਲੋਕ ਉਨ੍ਹਾਂ ਦੀ ਸੱਚਾਈ ਨੂੰ ਸਮਝ ਚੁੱਕੇ ਹਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਪਿਛਲੀਆਂ ਚੋਣਾਂ ਵਿਚ ਦੋ ਅੰਕਾਂ ਦੀ ਵੋਟ ਫੀਸਦੀ ਦੇ ਮੁਕਾਬਲੇ ਆਉਣ ਵਾਲੀਆਂ ਚੋਣਾਂ ਵਿਚ ਦੋ ਅੰਕਾਂ ਵਾਲੀਆਂ ਸੀਟਾਂ ਤੱਕ ਪਹੁੰਚਣ ਤੋਂ ਬਹੁਤ ਦੂਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਐੱਲ. ਡੀ. ਐੱਫ. ਅਤੇ ਯੂ. ਡੀ. ਐੱਫ. ਵਿਰੋਧੀ ਹੋਣ ਦਾ ਦਿਖਾਵਾ ਕਰਦੇ ਹਨ, ਪਰ ਦਿੱਲੀ ਵਿਚ ਉਹ ਇਕ-ਦੂਜੇ ਨੂੰ ‘ਗਲੇ’ ਲਗਾਉਂਦੇ ਹਨ! ਕਾਂਗਰਸ ਅਤੇ ਕਮਿਊਨਿਸਟ ਇਥੇ ਇਕ-ਦੂਜੇ ਨੂੰ ਕੋਸਦੇ ਹਨ ਪਰ ਰਾਸ਼ਟਰੀ ਰਾਜਧਾਨੀ ਵਿਚ ਗੱਠਜੋੜ ਬਣਾਉਂਦੇ ਹਨ! ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਖੱਬੇਪੱਖੀ ਦੋਵੇਂ ਠੱਗ ਹਨ। ਉਨ੍ਹਾਂ ਨੇ ਕੇਰਲ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਪਰ ਹੁਣ ਕੇਰਲ ਦੇ ਲੋਕ, ਖਾਸ ਕਰ ਕੇ ਨੌਜਵਾਨ ਅਤੇ ਔਰਤਾਂ ਅਸਲੀਅਤ ਨੂੰ ਸਮਝ ਰਹੇ ਹਨ। ਜਨ ਸਭਾ ’ਚ ਮੌਜੂਦ ਲੋਕਾਂ ਦੀ ਭੀੜ ਵੱਲ ਇਸ਼ਾਰਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਪਠਾਨਾਮਥਿੱਟਾ ਦਾ ਜੋਸ਼ ਦਰਸਾਉਂਦਾ ਹੈ ਕਿ ਇਸ ਵਾਰ ਕੇਰਲ ’ਚ ‘ਕਮਲ’ ਖਿੜਨ ਵਾਲਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਕੇਰਲ ਦੇ ਲੋਕਾਂ ਨੇ ਸਾਨੂੰ ਦੋ ਅੰਕਾਂ ਦੀ ਵੋਟ ਫੀਸਦੀ ਵਾਲੀ ਪਾਰਟੀ ਬਣਾਇਆ ਸੀ। ਹੁਣ, ਇਥੇ ਦੋਹਰੇ ਅੰਕਾਂ ਦੀਆਂ ਸੀਟਾਂ ਤੋਂ ਸਾਡੀ ਕਿਸਮਤ ਦੂਰ ਨਹੀਂ ਹੈ!
ਤਾਮਿਲਨਾਡੂ ’ਚ ਵੱਡਾ ਬਦਲਾਅ ਹੋਣ ਦੇ ਆਸਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਹ ਤਾਮਿਲਨਾਡੂ ਦੀ ਧਰਤੀ ’ਤੇ ‘ਬਹੁਤ ਵੱਡੇ ਬਦਲਾਅ’ ਦੇ ਆਸਾਰ ਮਹਿਸੂਸ ਹੋ ਰਹੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪ੍ਰਦਰਸ਼ਨ ਵਿਰੋਧੀ ਗੱਠਜੋੜ ਦਾ ‘ਸਾਰਾ ਹੰਕਾਰ’ ਤੋੜ ਕੇ ਰੱਖ ਦੇਵੇਗਾ।
ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) ਦੀ ਸਰਕਾਰ ਦੌਰਾਨ ਹੋਏ ਕਥਿਤ ਘਪਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਦੂਜੇ ਪਾਸੇ ਅੱਜ ਇਕ ਅਜਿਹੀ ਸਰਕਾਰ ਹੈ ਜੋ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਲੋਕਾਂ ਦਾ ਜੀਵਨ ਸੁਖਾਲਾ ਬਣਾ ਰਹੀ ਹੈ।
ਮੋਦੀ ਨੂੰ ਨਹੀਂ ਮਿਲੀ ਰੋਡ ਸ਼ੋਅ ਦੀ ਇਜਾਜ਼ਤ, ਅਦਾਲਤ ਪਹੁੰਚੀ ਭਾਜਪਾ
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਤਾਮਿਲਨਾਡੂ ਇਕਾਈ ਨੇ 18 ਮਾਰਚ ਨੂੰ ਕੋਇੰਬਟੂਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਵਾਲੇ ਪੁਲਸ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਸ਼ੁੱਕਰਵਾਰ ਨੂੰ ਮਦਰਾਸ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਭਾਜਪਾ ਅਤੇ ਸੂਬਾ ਸਰਕਾਰ ਨੂੰ ਸੁਣਨ ਤੋਂ ਬਾਅਦ ਜਸਟਿਸ ਐੱਨ. ਆਨੰਦ ਵੈਂਕਟੇਸ਼ ਨੇ ਕਿਹਾ ਕਿ ਉਹ ਅੱਜ ਸ਼ਾਮ 4.30 ਵਜੇ ਤੱਕ ਆਦੇਸ਼ ਪਾਸ ਕਰਨਗੇ।

Aarti dhillon

This news is Content Editor Aarti dhillon