ਕੁਲਭੂਸ਼ਨ ਦੀ ਮਾਂ ਅਤੇ ਪਤਨੀ ਨਾਲ ਬਦਸਲੂਕੀ ''ਤੇ ਸੰਸਦ ''ਚ ਹੰਗਾਮਾ

Thursday, Dec 28, 2017 - 02:16 PM (IST)

ਨਵੀਂ ਦਿੱਲੀ — ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਮਾਂ ਅਤੇ ਪਤਨੀ ਨਾਲ ਪਾਕਿਸਤਾਨ ਵਿਚ ਹੋਈ ਬਦਸਲੂਕੀ ਦੇ ਮੁੱਦੇ 'ਤੇ ਬੁੱਧਵਾਰ ਸੰਸਦ 'ਚ ਭਾਰੀ ਹੰਗਾਮਾ ਹੋਇਆ। ਸਭ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੇ ਗੁਆਂਢੀ ਦੇਸ਼ ਦੇ ਇਸ ਕਾਰੇ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਵੀਰਵਾਰ ਸੰਸਦ  ਵਿਚ ਬਿਆਨ ਦਿੱਤਾ ਜਾਏਗਾ।
ਸਿਫਰ-ਕਾਲ ਦੌਰਾਨ ਸ਼ਿਵ ਸੈਨਾ ਦੇ ਅਰਵਿੰਦ, ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ, ਕਾਂਗਰਸ ਦੇ ਮਲਿਕ ਅਰਜੁਨ ਖੜਗੇ, ਅੰਨਾ ਡੀ. ਐੱਮ. ਕੇ. ਦੇ ਥੰਬੀਦੁਰਈ ਸਮੇਤ ਕਈ ਹੋਰ ਮੈਂਬਰਾਂ ਨੇ ਇਹ ਮਾਮਲਾ ਜ਼ੋਰ-ਸ਼ੋਰ ਨਾਲ ਲੋਕ ਸਭਾ ਵਿਚ ਉਠਾਇਆ।
ਉੱਥੇ ਹੀ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕੁਲਭੂਸ਼ਣ ਜਾਧਵ ਦੀ ਪਤਨੀ ਦੀਆਂ ਜੁੱਤੀਆਂ 'ਚ ਧਾਤ ਦੀ ਵਸਤੂ ਪਾਈ ਗਈ ਸੀ। ਇਸ ਨੂੰ ਸੁਰੱਖਿਆ ਅਧਿਕਾਰੀਆਂ ਨੇ ਵੇਖਿਆ ਸੀ। ਉਸ ਤੋਂ ਬਾਅਦ ਹੀ ਜੁੱਤੀਆਂ ਨੂੰ ਜ਼ਬਤ ਕੀਤਾ ਗਿਆ ਅਤੇ ਜਾਧਵ ਦੀ ਪਤਨੀ ਨੂੰ ਨਵੀਆਂ ਜੁੱਤੀਆਂ ਪਹਿਨਣ ਲਈ ਦਿੱਤੀਆਂ ਗਈਆਂ।
ਪਾਕਿ ਸਰਕਾਰ ਨੇ ਇਨ੍ਹਾਂ ਜੁੱਤੀਆਂ ਨੂੰ ਫਾਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਜੁੱਤੀਆਂ 'ਚ ਮਿਲੀ ਸ਼ੱਕੀ ਵਸਤੂ ਕੀ ਹੈ। 'ਪਾਕਿਸਤਾਨ ਟੂਡੇ' ਮੁਤਾਬਕ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਾਤ ਦੀ ਵਸਤੂ ਕੋਈ ਕੈਮਰਾ ਸੀ ਜਾਂ ਰਿਕਾਰਡਿੰਗ ਚਿੱਪ?
ਏਅਰਪੋਰਟ 'ਤੇ ਵੀ ਬਦਸਲੂਕੀ : ਬੁੱਧਵਾਰ ਨੂੰ ਇਨ੍ਹਾਂ ਦੋਵਾਂ ਨਾਲ ਇਸਲਾਮਾਬਾਦ ਏਅਰਪੋਰਟ 'ਤੇ ਮੀਡੀਆ ਕਰਮਚਾਰੀਆਂ ਵੱਲੋਂ ਕੀਤੀ ਗਈ ਬਦਸਲੂਕੀ ਦਾ ਮਾਮਲਾ ਵੀ ਚਰਚਾ ਵਿਚ ਆ ਗਿਆ ਹੈ।
ਇਨ੍ਹਾਂ ਮੀਡੀਆ ਕਰਮਚਾਰੀਆਂ ਨੇ ਜਾਧਵ ਦੀ ਮਾਂ ਅਤੇ ਪਤਨੀ ਕੋਲੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਉਨ੍ਹਾਂ ਨੂੰ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੇ ਜਾਧਵ ਦੀ ਮਾਂ ਅਤੇ ਪਤਨੀ ਨੂੰ ਤਾਅਨੇ ਮਾਰੇ ਅਤੇ ਇਥੋਂ ਤਕ ਕਹਿ ਦਿੱਤਾ ਕਿ  ਕਾਤਲ ਬੇਟੇ ਅਤੇ ਪਤੀ ਨੂੰ ਮਿਲ ਕੇ ਕਿਸ ਤਰ੍ਹਾਂ ਦਾ ਲੱਗਾ?


Related News