ਨਵੇਂ ਸਾਲ ’ਤੇ ਠੰਡ ਦਾ ਕਹਿਰ, ਦਿੱਲੀ ’ਚ 1 ਡਿਗਰੀ ਤਕ ਡਿੱਗਾ ਪਾਰਾ, 15 ਸਾਲਾਂ ’ਚ ਸਭ ਤੋਂ ਘੱਟ ਤਾਪਮਾਨ

01/01/2021 12:09:36 PM

ਨਵੀਂ ਦਿੱਲੀ– ਉੱਤਰ-ਭਾਰਤ ਦੇ ਕਈ ਇਲਾਕਿਆਂ ’ਚ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਛਾਹੀ ਰਹੀ ਅਤੇ ਕਈ ਇਲਾਕਿਆਂ ’ਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ। ਨਵੇਂ ਸਾਲ ਦੇ ਜਸ਼ਨ ’ਚ ਸਰਦੀ ਵੀ ਆਪਣਾ ਰੰਗ ਵਿਖਾ ਰਹੀ ਹੈ। ਸਾਲ 2021 ਦੇ ਪਹਿਲੇ ਦਿਨ ਦਿੱਲੀ ’ਚ ਪਾਰਾ 1.1 ਡਿਗਰੀ ਸੈਲਸੀਅਸ ਤਕ ਡਿੱਗ ਗਿਆ। IMD ਦੇ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਸਫਦਰਜੰਗ ਅਤੇ ਪਾਲਮ ’ਚ ਸਵੇਰੇ 6 ਵਜੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਿਟੀ ਜ਼ੀਰੋ ਹੋ ਗਈ। ਸੰਘਣੀ ਧੁੰਦ ਕਾਰਨ ਆਵਾਜਾਈ ਦੀ ਰਫਤਾਰ ਵੀ ਪ੍ਰਭਾਵਿਤ ਹੋਈ। ਪਿਛਲੇ 15 ਸਾਲਾਂ ’ਚ ਇਹ ਸਭ ਤੋਂ ਘੱਟ ਤਾਪਮਾਨ ਹੈ। 

ਉਥੇ ਹੀ ਦਿੱਲੀ ਤੋਂ ਇਲਾਵਾ ਪੰਜਾਬ ਦੇ ਵੀ ਕਈ ਇਲਾਕਿਆਂ ’ਚ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ। ਪੰਜਾਬ ’ਚ ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਿਟੀ ਵੀ ਜ਼ੀਰੋ ਰਹੀ। ਦੱਸ ਦੇਈਏ ਕਿ ਦਿੱਲੀ ’ਚ 8 ਜਨਵਰੀ 2006 ਨੂੰ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਉਥੇ ਹੀ ਪਿਛਲੇ ਸਾਲ ਸਭ ਤੋਂ ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਕੜਾਕੇ ਦੀ ਠੰਡ ਦੇ ਬਾਵਜੂਦ ਵੀ ਨਵੇਂ ਸਾਲ ਦੇ ਸਵਾਗਤ ’ਚ ਕੋਈ ਕਮੀ ਨਹੀਂ ਆਈ ਹੈ। ਲੋਕ ਸਵੇਰ ਤੋਂ ਹੀ ਮੰਦਰਾਂ ਅਤੇ ਗੁਰਦੁਆਰਿਆਂ ’ਚ ਨਵੇਂ ਸਾਲ ਮਨਾਉਣ ਪਹੁੰਚੇ। 

ਜੰਮੂ-ਕਸ਼ਮੀਰ ’ਚ ‘ਜਿੱਲਈ ਕਲਾਂ’
ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ’ਚ ਤਾਪਮਾਨ ਜ਼ੀਰੋ ਤੋਂ 5.9 ਡਿਗਰੀ ਸੈਲਸੀਅਸ ਤਕ ਹੇਠਾਂ ਚਲਾ ਗਿਆ ਜਦਕਿ ਉਸ ਤੋਂ ਇਕ ਦਿਨ ਪਹਿਲਾਂ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 2.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਸੀ। ਕਾਜੀਗੁੰਡ ’ਚ ਜ਼ੀਰੋ ਤੋਂ 6.2 ਡਿਗਰੀ ਸੈਲਸੀਅਰ ਹੇਠਾਂ ਤਾਪਮਾਨ ਰਿਹਾ। ਉੱਤਰੀ-ਕਸ਼ਮੀਰ ਦੇ ਕੁਪਵਾੜਾ ’ਚ ਜ਼ੀਰੋ ਤੋਂ 5.8 ਡਿਗਰੀ ਸੈਲਸੀਅਸ ਹੇਠਾਂ ਤਾਪਮਾਨ ਦਰਜ ਕੀਤਾ ਗਿਆ। ਕਸ਼ਮੀਰ ’ਚ ‘ਚਿੱਲਈ ਕਲਾਂ’ ਦਾ ਸਮਾਂ ਚੱਲ ਰਿਹਾ ਹੈ ਅਤੇ 40 ਦਿਨਾਂ ਦੇ ਇਸ ਸਮੇਂ ’ਚ ਕੜਾਕੇ ਦੀ ਠੰਡ ਪੈਂਦੀ ਹੈ। ਤਾਪਮਾਨ ਡਿੱਗਣ ਨਾਲ ਪ੍ਰਸਿੱਧ ਡਲ ਝੀਲ ਸਮੇਤ ਘਾਟੀ ਦੇ ਵੱਖ-ਵੱਖ ਹਿੱਸਿਆਂ ’ਚ ਪਾਣੀ ਦੀ ਸਪਲਾਈ ਵਾਲੀਆਂ ਪਾਈਪਲਾਈਨਾਂ ’ਚ ਪਾਣੀ ਜੰਮ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਬਰਫਬਾਰੀ ਦੇ ਆਸਾਰ ਵੀ ਰਹਿੰਦੇ ਹਨ ਅਤੇ ਉੱਚਾਈ ਵਾਲੇ ਖੇਤਰਾਂ ’ਚ ਭਾਰੀ ਬਰਫਬਾਰੀ ਹੁੰਦੀ ਹੈ। ‘ਚਿੱਲਈ ਕਲਾਂ’ ਦਾ ਸਮਾਂ 21 ਦਸੰਬਰ ਤੋਂ ਸ਼ੁਰੂ ਹੋਇਆ ਸੀ ਅਤੇ ਇਹ 31 ਜਨਵਰੀ ਨੂੰ ਖਤਮ ਹੋਵੇਗਾ। 

Rakesh

This news is Content Editor Rakesh