ਪੁਲਵਾਮਾ ਹਮਲੇ ਦੇ ਸ਼ਹੀਦ ਦੀ ਪਤਨੀ ਸਬਜ਼ੀ ਵੇਚਣ ਨੂੰ ਮਜਬੂਰ, ਮੁੱਖ ਮੰਤਰੀ ਨੇ ਲਈ ਸਾਰ

02/15/2020 11:57:06 AM

ਸਿਮਡੇਗਾ— 14 ਫਰਵਰੀ ਯਾਨੀ ਕਿ ਕੱਲ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੀ ਪਹਿਲੀ ਬਰਸੀ ਸੀ। ਲੋਕਾਂ ਨੇ ਨਮ ਅੱਖਾਂ ਨਾਲ ਵੀਰ ਜਵਾਨਾਂ ਨੂੰ ਇਕ ਸਾਲ ਪਹਿਲਾਂ ਹੋਏ ਉਸ ਭਿਆਨਰ ਹਮਲੇ ਨੂੰ ਯਾਦ ਕੀਤਾ। ਬਹਾਦਰ ਜਵਾਨਾਂ ਨੂੰ ਪੀ. ਐੱਮ. ਮੋਦੀ ਤੋਂ ਲੈ ਕੇ ਕਈ ਨੇਤਾਵਾਂ ਨੇ ਨਿੱਘੀ ਸ਼ਰਧਾਂਜਲੀ ਦਿੱਤੀ। ਪੁਲਵਾਮਾ ਹਮਲਾ ਹੁਣ ਤਕ ਦਾ ਸਭ ਤੋਂ ਭਿਆਨਕ ਹਮਲਾ ਸੀ। ਹਾਲਾਂਕਿ ਝਾਰਖੰਡ ਦੇ ਸਿਮਡੇਗਾ 'ਚ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਪੂਰੇ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਹੈ। 


ਇਸ ਹਮਲੇ 'ਚ 40 ਸੀ. ਆਰ. ਪੀ. ਐੱਫ. ਜਵਾਨ ਸ਼ਹੀਦ ਹੋ ਗਏ। ਝਾਰਖੰਡ ਦੇ ਗੁਮਲਾ ਜ਼ਿਲੇ ਦੇ ਵਿਜੇ ਸੋਰੇਂਗ ਵੀ ਸ਼ਹੀਦ ਹੋਣ ਵਾਲੇ ਜਵਾਨਾਂ 'ਚ ਸ਼ਾਮਲ ਸਨ। ਉਨ੍ਹਾਂ ਦਾ ਪਰਿਵਾਰ ਗਰੀਬੀ 'ਚ ਦਿਨ ਕੱਟ ਰਿਹਾ ਹੈ। ਸ਼ੁੱਕਰਵਾਰ ਨੂੰ ਸ਼ਹੀਦ ਵਿਜੇ ਦੀ ਪਤਨੀ ਦੀ ਇਕ ਤਸਵੀਰ ਵਾਇਰਲ ਹੋਈ, ਜਿਸ ਵਿਚ ਉਹ ਸੜਕ ਕੰਢੇ ਬੈਠੀ ਸਬਜ਼ੀ ਵੇਚ ਰਹੀ ਸੀ। ਸ਼ਹੀਦ ਦੀ ਪਤਨੀ ਦੀ ਇਹ ਤਸਵੀਰ ਇਕ ਯੂਜ਼ਰ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਟੈਗ ਕਰ ਕੇ ਟਵੀਟ ਕੀਤੀ। 



ਜਿਸ ਤੋਂ ਬਾਅਦ ਹੇਮੰਤ ਸੋਰੇਨ ਨੇ ਇਸ ਦੀ ਜਾਣਕਾਰੀ ਲਈ ਅਤੇ ਸਿਮਡੇਮਾ ਜ਼ਿਲਾ ਪ੍ਰਸ਼ਾਸਨ ਨੂੰ ਤੁਰੰਤ ਸ਼ਹੀਦ ਦੇ ਪਰਿਵਾਰ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਸਿਮਡੇਗਾ ਦੇ ਡਿਪਟੀ ਕਮਿਸ਼ਨਰ (ਡੀ. ਸੀ.) ਨੂੰ ਟੈਗ ਕਰ ਕੇ ਲਿਖਿਆ- ਸ਼ਹੀਦ ਦੇਸ਼ ਦੀ ਵਿਰਾਸਤ ਹੁੰਦੇ ਹਨ। ਕ੍ਰਿਪਾ ਉਨ੍ਹਾਂ ਦੀ ਹਰ ਮਦਦ ਕਰਦੇ ਹੋਏ ਜ਼ਰੂਰੀ ਸਾਰੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਛੇਤੀ ਤੋਂ ਛੇਤੀ ਪਹੁੰਚਾਓ ਅਤੇ ਸੂਚਿਤ ਕਰੋ।


ਮੁੱਖ ਮੰਤਰੀ ਦਾ ਨਿਰਦੇਸ਼ ਮਿਲਦਿਆਂ ਹੀ ਜ਼ਿਲਾ ਪ੍ਰਸ਼ਾਸਨ ਐਕਸ਼ਨ ਵਿਚ ਆਇਆ ਅਤੇ ਕੁਝ ਹੀ ਦੇਰ ਵਿਚ ਡੀ. ਸੀ. ਸਿਮਡੇਗਾ ਨੇ ਜਵਾਬ ਕੀਤਾ ਕਿ ਸਰ ਜ਼ਿਲਾ ਪ੍ਰਸ਼ਾਸਨ ਵਲੋਂ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦੀ ਪਹਿਲ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਸਵੇਰੇ ਹੀ ਸਬ-ਡਿਵੀਜ਼ਨ ਅਧਿਕਾਰੀ ਸਿਮਡੇਗਾ ਅਤੇ ਬਲਾਕ ਵਿਕਾਸ ਅਧਿਕਾਰੀ, ਸਿਮਡੇਗਾ ਦੇ ਸ਼ਹੀਦ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਇੱਥੇ ਦੱਸ ਦੇਈਏ ਕਿ ਸੋਰੇਨ ਹਾਲ ਹੀ 'ਚ ਝਾਰਖੰਡ ਦੇ ਮੁੱਖ ਮੰਤਰੀ ਬਣੇ ਹਨ। ਰਘੁਵਰ ਦੀ ਸਰਕਾਰ ਚਲੀ ਗਈ ਅਤੇ ਆਰਥਿਕ ਮਦਦ ਇਕ ਸਾਲ ਬਾਅਦ ਫਾਈਲਾਂ 'ਚ ਹੀ ਘੁੰਮ ਰਹੀ ਹੈ।

Tanu

This news is Content Editor Tanu