ਕਲਾਸਮੇਟ ਨੇ ਵਿਦਿਆਰਥੀ ''ਤੇ ਕੀਤਾ ਬਲੇਡ ਨਾਲ ਹਮਲਾ, ਲੱਗੇ 35 ਟਾਂਕੇ

07/15/2018 2:02:54 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਇਕ ਸਕੂਲ 'ਚ ਇਕ ਵਾਰ ਫਿਰ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਕ ਵਿਦਿਆਰਥੀ 'ਤੇ ਬਲੇਡ ਨਾਲ ਹਮਲਾ ਕੀਤਾ ਗਿਆ ਹੈ। ਹਮਲਾ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਪੀੜਤ ਦੇ ਆਪਣੇ ਹੀ ਕਲਾਸਮੇਟ ਹਨ। ਬਲੇਡ ਨਾਲ ਹੋਏ ਹਮਲੇ ਤੋਂ ਬਾਅਦ ਵਿਦਿਆਰਥੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਡਾਕਟਰਾਂ ਨੂੰ ਵਿਦਿਆਰਥੀ ਦੀ ਜਾਨ ਬਚਾਉਣ ਦੀ ਉਸ ਦੀ ਪਿੱਠ 'ਤੇ ਟਾਂਕੇ ਲਾਉਣੇ ਪਏ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਪੀੜਤ ਵਿਦਿਆਰਥੀ ਦੇ 35 ਟਾਂਕੇ ਲੱਗੇ ਹਨ। ਜਾਣਕਾਰੀ ਮੁਤਾਬਕ ਮਾਮਲਾ ਬਦਰਪੁਰ ਇਲਾਕੇ ਦੇ ਐੱਨ.ਟੀ.ਪੀ.ਸੀ. 'ਚ ਸਥਿਤ ਕੇਂਦਰੀ ਸਕੂਲ ਦਾ ਹੈ।
ਇਕ ਪੱਤਰਕਾਰ ਏਜੰਸੀ ਦੀ ਰਿਪੋਰਟ ਮੁਤਾਬਕ ਮਾਮਲਾ 7ਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਸਬੰਧਤ ਹੈ। ਸ਼ੁੱਕਰਵਾਰ ਨੂੰ ਕਲਾਸ ਦੇ ਦੋ ਵਿਦਿਆਰਥੀਆਂ ਦੇ ਵਿਚਾਲੇ ਇਕ ਸੀਟ 'ਤੇ ਬੈਠਣ ਨੂੰ ਲੈ ਕੇ ਝਗੜਾ ਹੋਇਆ। ਜਿਸ ਤੋਂ ਬਾਅਦ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਨੂੰ ਧਮਕੀ ਦਿੱਤੀ ਕਿ ਉਹ ਉਸ ਨੂੰ ਬਲੇਡ ਨਾਲ ਮਾਰੇਗਾ। ਉਸੇ ਦੌਰਾਨ ਦੋਸ਼ੀ ਵਿਦਿਆਰਥੀ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਹਮਲਾ ਬੋਲ ਦਿੱਤਾ। ਇਸ ਹਮਲੇ 'ਚ ਦੂਜਾ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਮਲੇ ਤੋਂ ਬਾਅਦ ਪੀੜਤ ਵਿਦਿਆਰਥੀ ਦੀ ਪਿੱਠ 'ਚੋਂ ਖੂਨ ਨਿਕਲਣ ਲੱਗਿਆ ਤਾਂ ਉਸ ਨੂੰ ਪਹਿਲਾਂ ਸਕੂਲ ਦੇ ਮੈਡੀਕਲ ਰੂਮ 'ਚ ਟ੍ਰੀਟਮੈਂਟ ਦਿੱਤਾ ਗਿਆ।
ਜਦੋਂ ਸਕੂਲ 'ਚ ਹੋਣ ਵਾਲੇ ਟ੍ਰੀਟਮੈਂਟ ਨਾਲ ਵਿਦਿਆਰਥੀ ਦੀ ਹਾਲਤ ਨਾ ਸੁਧਰੀ ਤਾਂ ਅਧਿਆਪਕਾਂ ਨੇ ਪੀੜਤ ਵਿਦਿਆਰਥੀ ਨੂੰ ਨੇੜੇ ਦੀ ਇਕ ਡਿਸਪੈਂਸਰੀ 'ਚ ਦਾਖਲ ਕਰਵਾਇਆ, ਜਿਥੋਂ ਉਸ ਨੂੰ ਏਮਸ ਟ੍ਰਾਮਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਰਿਪੋਰਟ ਦੇ ਮੁਤਾਬਕ ਵਿਦਿਆਰਥੀ ਦੀ ਪਿੱਠ 'ਤੇ 35 ਤੋਂ ਜ਼ਿਆਦਾ ਟਾਂਕੇ ਲਗਾਏ ਗਏ ਹਨ। ਪੀੜਤ ਵਿਦਿਆਰਥੀ ਦਾ ਦੋਸ਼ ਹੈ ਕਿ ਗੱਲ ਇੰਨੀ ਵਧਣ ਤੋਂ ਬਾਅਦ ਵੀ ਸਕੂਲ ਦੇ ਅਧਿਆਪਕਾਂ ਨੇ ਦੋਸ਼ੀ ਵਿਦਿਆਰਥੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਮਾਮਲਾ ਪੁਲਸ ਤੱਕ ਪਹੁੰਚ ਗਿਆ ਪਰ ਪੁਲਸ ਨੇ ਵੀ ਖਬਰ ਮਿਲਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਹਾਲਾਂਕਿ ਪੁਲਸ ਮਾਮਲੇ ਦੀ ਛਾਨਬੀਨ ਜ਼ਰੂਰ ਕਰ ਰਹੀ ਹੈ।