ਯੂ. ਯੂ. ਲਲਿਤ ਹੋ ਸਕਦੇ ਹਨ ਅਗਲੇ CJI, ਚੀਫ਼ ਜਸਟਿਸ ਰਮਨਾ ਨੇ ਨਾਂ ਦੀ ਕੀਤੀ ਸਿਫਾਰਿਸ਼

08/04/2022 4:40:43 PM

ਨਵੀਂ ਦਿੱਲੀ-  ਭਾਰਤ ਦੇ ਚੀਫ਼ ਜਸਟਿਸ (CJI) ਐੱਨ. ਵੀ. ਰਮਨਾ ਨੇ ਵੀਰਵਾਰ ਨੂੰ ਜਸਟਿਸ ਉਦੈ ਉਮੇਸ਼ (ਯੂ. ਯੂ.) ਲਲਿਤ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਚੀਫ਼ ਜਸਟਿਸ ਨੇ ਨਿੱਜੀ ਤੌਰ 'ਤੇ ਸਿਫ਼ਾਰਿਸ਼ ਪੱਤਰ ਦੀ ਕਾਪੀ ਜਸਟਿਸ ਲਲਿਤ ਨੂੰ ਸੌਂਪੀ, ਜੋ ਸੀਨੀਅਰਤਾ ਦੇ ਕ੍ਰਮ ਵਿਚ ਜਸਟਿਸ ਰਮਨਾ ਤੋਂ ਬਾਅਦ ਆਉਂਦੇ ਹਨ। ਜਸਟਿਸ ਰਮਨਾ ਨੇ 24 ਅਪ੍ਰੈਲ 2021 ਨੂੰ ਦੇਸ਼ ਦੇ 48ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਆਪਣੇ ਸਾਬਕਾ ਚੀਫ਼ ਜਸਟਿਸ ਐੱਸ. ਏ. ਬੋਬੜੇ ਦੀ ਥਾਂ ਲਈ ਸੀ। ਚੀਫ਼ ਜਸਟਿਸ ਰਮਨਾ 26 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ।

PunjabKesari

ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਵਿਚ ਸੇਵਾਮੁਕਤ ਹੁੰਦੇ ਹਨ। ਸੁਪਰੀਮ ਕੋਰਟ ’ਚ ਜੱਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਨਾਲ ਸਬੰਧਤ ਮੈਮੋਰੰਡਮ ਪ੍ਰਕਿਰਿਆ (ਐੱਮ.ਓ.ਪੀ) ਤਹਿਤ ਬਾਹਰ ਜਾਣ ਵਾਲੇ CJI ਕਾਨੂੰਨ ਮੰਤਰਾਲੇ ਤੋਂ ਇਕ ਚਿੱਠੀ ਪ੍ਰਾਪਤ ਕਰਨ ਤੋਂ ਬਾਅਦ ਉੱਤਰਾਧਿਕਾਰੀ ਦੇ ਨਾਮ ਦੀ ਸਿਫਾਰਿਸ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਨ। ਇਕ ਬਿਆਨ ਮੁਤਾਬਕ, ''ਭਾਰਤ ਦੇ ਚੀਫ਼ ਜਸਟਿਸ ਐੱਨ. ਵੀ. ਰਮਨਾ ਨੇ ਅੱਜ ਜਸਟਿਸ ਉਦੈ ਉਮੇਸ਼ ਲਲਿਤ ਦੇ ਨਾਮ ਦੀ ਸਿਫ਼ਾਰਸ਼ ਆਪਣੇ ਉੱਤਰਾਧਿਕਾਰੀ ਵਜੋਂ ਕੀਤੀ।’’ ਬਿਆਨ ਮੁਤਾਬਕ 3 ਅਗਸਤ 2022 ਨੂੰ ਚੀਫ਼ ਜਸਟਿਸ ਦੇ ਸਕੱਤਰੇਤ ਨੂੰ ਕਾਨੂੰਨ ਅਤੇ ਨਿਆਂ ਮੰਤਰੀ ਕਿਰੇਨ ਰਿਜਿਜੂ ਵਲੋਂ ਚਿੱਠੀ ਮਿਲੀ ਸੀ,  ਜਿਸ ਵਿਚ ਉਨ੍ਹਾਂ ਨੂੰ ਆਪਣੇ ਉੱਤਰਾਧਿਕਾਰੀ ਦੇ ਨਾਮ ਦੀ ਸਿਫ਼ਾਰਿਸ਼ ਕਰਨ ਦੀ ਬੇਨਤੀ ਕੀਤੀ ਗਈ ਸੀ।

ਕੌਣ ਹਨ ਜਸਟਿਸ ਲਲਿਤ

ਜਸਟਿਸ ਲਲਿਤ ਦਾ ਜਨਮ 9 ਨਵੰਬਰ 1957 ਨੂੰ ਹੋਇਆ ਸੀ। ਉਨ੍ਹਾਂ ਜੂਨ 1983 ’ਚ ਇਕ ਵਕੀਲ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਦਸੰਬਰ 1985 ਤੱਕ ਬੰਬੇ ਹਾਈ ਕੋਰਟ ਵਿਚ ਪ੍ਰੈਕਟਿਸ ਕੀਤੀ। ਬਾਅਦ ’ਚ ਉਹ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਦਿੱਲੀ ਚਲੇ ਅਤੇ ਅਪ੍ਰੈਲ 2004 ’ਚ, ਉਨ੍ਹਾਂ ਸੁਪਰੀਮ ਕੋਰਟ ਵਲੋਂ ਇਕ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2ਜੀ ਸਪੈਕਟਰਮ ਵੰਡ ਮਾਮਲੇ ਦੀ ਸੁਣਵਾਈ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੇ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ 13 ਅਗਸਤ 2014 ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਲਲਿਤ ਦੇ ਅਗਲਾ CJI ਨਿਯੁਕਤ ਹੋਣ ’ਤੇ ਉਨ੍ਹਾਂ ਦਾ ਕਾਰਜਕਾਲ 3 ਮਹੀਨੇ ਤੋਂ ਵੀ ਘੱਟ ਦਾ ਹੋਵੇਗਾ, ਕਿਉਂਕਿ ਉਹ ਇਸ ਸਾਲ 8 ਨਵੰਬਰ ਨੂੰ ਸੇਵਾਮੁਕਤ ਹੋਣਗੇ।


Tanu

Content Editor

Related News