ਨਾਗਰਿਕਤਾ ਬਿੱਲ ਨਾਲ ਨਹੀਂ ਹੋਵੇਗਾ ਉੱਤਰ-ਪੂਰਬ ਦਾ ਨੁਕਸਾਨ : ਮੋਦੀ

02/09/2019 8:39:22 PM

ਚੰਗਸਾਰੀ (ਅਸਾਮ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਸਾਮ ਅਤੇ ਉੱਤਰ-ਪੂਰਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਅਤੇ ਕਿਹਾ ਕਿ ਨਾਗਰਿਕਤਾ ਬਿੱਲ ਨਾਲ ਉਨ੍ਹਾਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚੇਗਾ। ਮੋਦੀ ਅਸਾਮ ਦੇ ਸਿਹਤ ਮੰਤਰੀ ਅਤੇ ਭਾਜਪਾ ਦੀ ਅਗਵਾਈ ਵਾਲੀ ਨੇਡਾ ਕਨਵੀਨਰ ਹਿੰਮਤਾ ਬਿਸਵਾ ਸ਼ਰਮਾ ਦੇ ਵਿਧਾਨ ਸਭਾ ਖੇਤਰ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ,‘‘ਇਹ ਪੂਰਬ-ਉੱਤਰ ਦੇ ਲੋਕਾਂ ਨਾਲ ਇਕ ਰਾਸ਼ਟਰੀ ਪ੍ਰਤੀਬੱਧਤਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ ਅਤੇ ਜਾਂਚ ਅਤੇ ਸੂਬਾਈ ਸਰਕਾਰਾਂ ਦੀ ਸਿਫਾਰਸ਼ ਤੋਂ ਬਾਅਦ ਹੀ ਨਾਗਰਿਕਤਾ ਦਿੱਤੀ ਜਾਏਗੀ।’’ ਮੋਦੀ ਨੇ ਕਿਹਾ,‘‘ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਧੱਕੇਸ਼ਾਹੀ ਨਾਲ ਦੇਸ਼ ਵਿਚ ਦਾਖਲ ਹੋਏ ਲੋਕਾਂ ਅਤੇ ‘ਆਪਣੀ ਆਸਥਾ ਦੇ ਕਾਰਨ ਘਰੋਂ ਦੌੜਨ ਅਤੇ ਆਪਣੀ ਜਾਨ ਬਚਾਉਣ ਵਾਲੇ’ ਲੋਕਾਂ ਵਿਚਾਲੇ ਫਰਕ ਹੈ। ਦੋਵੇਂ ਬਰਾਬਰ ਨਹੀਂ ਹਨ।’’ ਉਨ੍ਹਾਂ ਕਿਹਾ,‘‘ਅਸੀਂ ਉਨ੍ਹਾਂ ਲੋਕਾਂ ਨੂੰ ਪਨਾਹ ਦੇਣ ਲਈ ਵਚਨਬੱਧ ਹਾਂ ਜੋ ਗੁਆਂਢੀ ਦੇਸ਼ਾਂ ਵਿਚ ਘੱਟ ਗਿਣਤੀ ਹਨ ਅਤੇ ਜਿਨ੍ਹਾਂ ਨੂੰ ਉਨ੍ਹਾਂ ’ਤੇ ਢਾਹੇ ਗਏ ਜ਼ੁਲਮਾਂ ਦੇ ਕਾਰਨ ਸਭ ਕੁਝ ਛੱਡ ਕੇ ਦੌੜਨਾ ਪਿਆ। ਉਹ ਸਾਡੇ ਦੇਸ਼ ਵਿਚ ਆਏ ਹਨ ਅਤੇ ਭਾਰਤ ਮਾਂ ਦੇ ਵਿਚਾਰਾਂ ਅਤੇ ਲੋਕਾਚਾਰ ਨੂੰ ਅਪਣਾਇਆ ਹੈ।’’

ਮੋਦੀ ਨੇ ਕਿਹਾ ਕਿ ਭਾਜਪਾ 36 ਸਾਲ ਪੁਰਾਣੇ ਅਸਾਮ ਸਮਝੌਤੇ ਨੂੰ ਲਾਗੂ ਕਰਨ ਪ੍ਰਤੀ ਵਚਨਬੱਧ ਹੈ ਅਤੇ ਧਾਰਾ 36 ਦੇ ਲਾਗੂ ਕਰਨ ਲਈ ਇਕ ਕਮੇਟੀ ਦਾ ਗਠਨ ਇਸਦੀ ਦਿਸ਼ਾ ’ਚ ਇਕ ਕਦਮ ਹੈ। ਮੋਦੀ ਨੇ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿਚ 4 ਹਜ਼ਾਰ ਕਰੋੜ ਤੋਂ ਵੱਧ ਲਾਗਤ ਵਾਲੀਆਂ ਕਈ ਯੋਜਨਾਵਾਂ ਦਾ ਸ਼ੁੱਭ ਆਰੰਭ ਅਤੇ ਕਈ ਮਹੱਤਵਪੂਰਨ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਜ਼ੁਕ ਸਰਹੱਦੀ ਸੂਬਿਆਂ ਵਿਚ ਸੰਪਰਕ ਸੁਧਾਰ ਲਈ ਕਈ ਕੰਮ ਕਰ ਰਹੀ ਹੈ। ਆਈ. ਜੀ. ਪਾਰਕ ਵਿਚ ਆਯੋਜਿਤ ਇਕ ਸਮਾਰੋਹ ਵਿਚ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਰੁਣਾਚਲ ਪ੍ਰਦੇਸ਼ ਵਿਚ ਰਾਜਮਾਰਗ, ਰੇਲਵੇ, ਹਵਾਈ ਮਾਰਗ ਅਤੇ ਬਿਜਲੀ ਦੀ ਸਥਿਤੀ ਬਿਹਤਰ ਕਰਨ ਨੂੰ ਮਹੱਤਵ ਦੇ ਰਹੀ ਹੈ।


Inder Prajapati

Content Editor

Related News