ਨਾਗਰਿਕਤਾ ਸੋਧ ਬਿੱਲ ਲੋਕ ਸਭਾ ''ਚ ਹੋਇਆ ਆਸਾਨੀ ਨਾਲ ਪਾਸ, ਜਾਣੋ ਰਾਜ ਸਭਾ ਦਾ ਨੰਬਰਗੇਮ

12/10/2019 1:12:06 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ ਆਸਾਨੀ ਨਾਲ ਪਾਸ ਹੋ ਗਿਆ ਹੈ ਅਤੇ ਹੁਣ ਮੋਦੀ ਸਰਕਾਰ ਬੁੱਧਵਾਰ ਨੂੰ ਇਸ ਰਾਜ ਸਭਾ 'ਚ ਪੇਸ਼ ਕਰੇਗੀ। ਨਾਗਰਿਕਤਾ ਸੋਧ ਬਿੱਲ ਦੇ ਪੱਖ 'ਚ ਜਨਤਾ ਦਲ (ਯੂ), ਸ਼ਿਵ ਸੈਨਾ, ਬੀ.ਜੇ.ਡੀ. ਅਤੇ ਪੂਰਬ-ਉੱਤਰ ਦੇ ਕੁਝ ਦਲਾਂ ਨਾਲ ਆਉਣ ਕਾਰਨ ਸਰਕਾਰ ਨੂੰ ਇਸ ਬਿੱਲ ਨੂੰ ਪਾਸ ਕਰਵਾਉਣ 'ਚ ਕੋਈ ਪਰੇਸ਼ਾਨੀ ਨਹੀਂ ਹੋਈ। ਲੋਕ ਸਭਾ 'ਚ ਇਸ ਬਿੱਲ ਦੇ ਪੱਖ 'ਚ 311 ਵੋਟ ਪਏ, ਜਦਕਿ ਵਿਰੋਧ 'ਚ 80 ਵੋਟ। ਹੁਣ ਮੋਦੀ ਸਰਕਾਰ ਦੀ ਰਾਜ ਸਭਾ 'ਚ ਵੀ ਰਾਹ ਸੌਖੀ ਮੰਨੀ ਜਾ ਰਹੀ ਹੈ। ਨਾਗਰਿਕਤਾ ਸੋਧ ਬਿੱਲ 'ਚ ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਹਿੰਦੂ, ਜੈਨ, ਈਸਾਈ, ਸਿੱਖ, ਬੌਧ ਅਤੇ ਪਾਰਸੀ ਭਾਈਚਾਰੇ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਪ੍ਰਸਤਾਵ ਹੈ। ਇਸ ਬਿੱਲ ਤੋਂ ਮੁਸਲਿਮ ਭਾਈਚਾਰੇ ਨੂੰ ਬਾਹਰ ਰੱਖਿਆ ਗਿਆ ਹੈ।

121 ਵੋਟਾਂ ਦੀ ਲੋੜ ਪਵੇਗੀ
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਦਲਾਂ ਦੇ ਵਿਰੋਧ ਕਾਰਨ ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ 'ਤੇ ਚਰਚਾ ਕਰਵਾਉਣ ਤੋਂ ਪਿੱਛੇ ਹਟਣਾ ਪਿਆ ਸੀ। ਕਾਂਗਰਸ ਸਮੇਤ ਕਈ ਵਿਰੋਧੀ ਦਲ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕਾਫ਼ੀ ਹਮਲਾਵਰ ਹਨ ਪਰ ਮੋਦੀ ਸਰਕਾਰ ਨੇ ਜਨਤਾ ਦਲ (ਯੂ) ਅਤੇ ਬੀ.ਜੇ.ਡੀ. (ਬੀਜੂ ਜਨਤਾ ਦਲ) ਨੂੰ ਆਪਣੇ ਨਾਲ ਕਰ ਕੇ ਸਦਨ 'ਚ ਅੰਕ ਗਣਿਤ ਨੂੰ ਆਪਣੇ ਪੱਖ 'ਚ ਕਰ ਲਿਆ। ਹਾਲਾਂਕਿ ਪਿਛਲੇ 2 ਸਾਲਾਂ 'ਚ ਭਾਜਪਾ ਅਤੇ ਐੱਨ.ਡੀ.ਏ. ਦੀ ਤਾਕਤ ਰਾਜ ਸਭਾ 'ਚ ਬਿਹਤਰ ਹੋਈ ਹੈ। ਰਾਜ ਸਭਾ 'ਚ ਕੁੱਲ 245 ਮੈਂਬਰ ਹਨ ਪਰ 5 ਸੀਟਾਂ ਖਾਲੀ ਹਨ, ਜਿਸ ਕਾਰਨ ਫਿਲਹਾਲ ਕੁੱਲ ਮੈਂਬਰਾਂ ਦੀ ਗਿਣਤੀ 240 ਹੈ। ਮਤਲਬ ਇਹ ਕਿ ਜੇਕਰ ਸਦਨ ਦੇ ਸਾਰੇ ਮੈਂਬਰ ਵੋਟਿੰਗ ਕਰਨ ਤਾਂ ਬਹੁਮਤ ਲਈ 121 ਵੋਟਾਂ ਦੀ ਲੋੜ ਪਵੇਗੀ।

ਰਾਜ ਸਭਾ 'ਚ ਮੋਦੀ ਸਰਕਾਰ ਦਾ ਅੰਕੜਾ
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਜਿਨ੍ਹਾਂ ਦਲਾਂ ਨੇ ਸਮਰਥਨ ਕੀਤਾ ਹੈ। ਇਸ ਲਿਹਾਜ ਨਾਲ ਰਾਜ ਸਭਾ 'ਚ ਅੰਕੜਿਆਂ ਨੂੰ ਦੇਖੀਏ ਤਾਂ ਇਹ ਗਿਣਤੀ 121 ਹੈ, ਇਨ੍ਹਾਂ 'ਚੋਂ ਭਾਜਪਾ ਦੇ 83, ਬੀ.ਜੇ.ਡੀ. ਦੇ 7, ਏ.ਆਈ.ਏ.ਡੀ.ਐੱਮ.ਕੇ. ਦੇ 11, ਅਕਾਲੀ ਦਲ ਦੇ 3, ਸ਼ਿਵ ਸੈਨਾ ਦੇ 3, ਜੇ.ਡੀ.ਯੂ. ਦੇ 6, ਵਾਈ.ਐੱਸ.ਆਰ. ਕਾਂਗਰਸ ਦੇ 2, ਐੱਲ.ਜੇ.ਪੀ. ਦੇ 1, ਆਰ.ਪੀ.ਆਈ. ਦੇ 1 ਅਤੇ 4 ਨਾਮਜ਼ਦ ਰਾਜ ਸਭਾ ਮੈਂਬਰ ਹਨ।

ਵਿਰੋਧੀ ਧਿਰ ਕੋਲ ਹਨ 100 ਮੈਂਬਰ
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀਆਂ ਦਾ ਜਿਸ ਤਰ੍ਹਾਂ ਦਾ ਰੁਖ ਹੈ। ਇਸ ਦੇ ਬਾਵਜੂਦ ਵਿਰੋਧੀ ਧਿਰ ਰਾਜ ਸਭਾ 'ਚ ਇਸ ਬਿੱਲ ਨੂੰ ਰੋਕਣ 'ਚ ਬਹੁਤ ਮਜ਼ਬੂਤ ਸਥਿਤੀ 'ਚ ਨਜ਼ਰ ਨਹੀਂ ਆ ਰਿਹਾ ਹੈ। ਰਾਜ ਸਭਾ 'ਚ ਕਾਂਗਰਸ ਦੇ 46, ਟੀ.ਐੱਮ.ਸੀ. ਦੇ 13, ਸਪਾ ਦੇ 9, ਖੱਬੇ ਪੱਖੀ ਦਲ ਦੇ 6 ਅਤੇ ਡੀ.ਐੱਮ.ਕੇ. ਦੇ 5 ਅਤੇ ਆਰ.ਜੇ.ਡੀ., ਐੱਨ.ਸੀ.ਪੀ. ਅਤੇ ਬਸਪਾ ਦੇ 4-4 ਮੈਂਬਰ ਹਨ। ਇਸ ਤੋਂ ਇਲਾਵਾ ਟੀ.ਡੀ.ਪੀ. ਦੇ 2, ਮੁਸਲਿਮ ਲੀਗ ਦੇ 1, ਪੀ.ਡੀ.ਪੀ. ਦੇ 2, ਜੇ.ਡੀ.ਐੱਸ. ਦੇ 1, ਕੇਰਲ ਕਾਂਗਰਸ ਦੇ 1 ਅਤੇ ਟੀ.ਆਰ.ਐੱਸ. ਦੇ 6 ਮੈਂਬਰ ਹਨ। ਇਸ ਤਰ੍ਹਾਂ ਵਿਰੋਧੀਆਂ ਕੋਲ 100 ਮੈਂਬਰ ਹੁੰਦੇ ਹਨ।

DIsha

This news is Content Editor DIsha