ਨਾਗਰਿਕਤਾ ਸੋਧ ਬਿੱਲ ਅੱਜ ਲੋਕ ਸਭਾ ’ਚ ਹੋਵੇਗਾ ਪੇਸ਼

12/09/2019 7:48:55 AM

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਭਾਵ ਅੱਜ ਲੋਕ ਸਭਾ ਵਿਚ ਨਾਗਰਿਕਤਾ (ਸੋਧ) ਬਿੱਲ ਪੇਸ਼ ਕਰਨਗੇ, ਜਿਸ ਤਹਿਤ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਵਿਚ ਧਾਰਮਿਕ ਤਸ਼ੱਦਦ ਦੇ ਸ਼ਿਕਾਰ ਗੈਰ ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਿਵਸਥਾ ਹੈ। ਲੋਕ ਸਭਾ ਵਿਚ ਸੋਮਵਾਰ ਨੂੰ ਹੋਣ ਵਾਲੇ ਕੰਮਾਂ ਦੀ ਸੂਚੀ ਮੁਤਾਬਕ ਗ੍ਰਹਿ ਮੰਤਰੀ ਦੁਪਹਿਰ ਨੂੰ ਬਿੱਲ ਪੇਸ਼ ਕਰਨਗੇ ਜਿਸ ਵਿਚ 6 ਦਹਾਕੇ ਪੁਰਾਣੇ ਨਾਗਰਿਕਤਾ ਕਾਨੂੰਨ ਵਿਚ ਸੋਧ ਦੀ ਗੱਲ ਹੈ ਅਤੇ ਇਸ ਤੋਂ ਬਾਅਦ ਇਸ 'ਤੇ ਚਰਚਾ ਹੋਵੇਗੀ ਅਤੇ ਇਸ ਨੂੰ ਪਾਸ ਕੀਤਾ ਜਾਵੇਗਾ।

PunjabKesari

ਇਸ ਬਿੱਲ ਦੇ ਕਾਰਣ ਉੱਤਰ-ਪੂਰਬ ਦੇ ਸੂਬਿਆਂ ਵਿਚ ਵਿਆਪਕ ਪ੍ਰਦਰਸ਼ਨ ਹੋ ਰਹੇ ਹਨ ਅਤੇ ਕਾਫੀ ਗਿਣਤੀ ਵਿਚ ਲੋਕ ਬਿੱਲ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਆਸਾਮ ਸਮਝੌਤਾ 1985 ਦੀ ਵਿਵਸਥਾ ਰੱਦ ਹੋ ਜਾਵੇਗੀ ਜਿਸ ਵਿਚ ਬਿਨਾਂ ਧਾਰਮਿਕ ਭੇਦਭਾਵ ਦੇ ਨਾਜਾਇਜ਼ ਸ਼ਰਨਾਰਥੀਆਂ ਨੂੰ ਵਾਪਸ ਭੇਜੇ ਜਾਣ ਦੀ ਅੰਤਿਮ ਮਿਤੀ 24 ਮਾਰਚ 1971 ਸ਼ਾਮਲ ਹੈ। ਪ੍ਰਭਾਵਸ਼ਾਲੀ ਉੱਤਰ-ਪੂਰਬ ਵਿਦਿਆਰਥੀ ਸੰਗਠਨ (ਮੇਸੋ) ਨੇ ਖੇਤਰ ਵਿਚ 10 ਦਸੰਬਰ ਨੂੰ 11 ਘੰਟੇ ਬੰਦ ਦਾ ਸੱਦਾ ਦਿੱਤਾ ਹੈ।

 

ਨਾਗਰਿਕਤਾ ਸੋਧ ਬਿੱਲ 2019 ਮੁਤਾਬਕ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚ ਧਾਰਮਿਕ ਤਸ਼ੱਦਦ ਦੇ ਕਾਰਣ 31 ਦਸੰਬਰ 2014 ਤਕ ਭਾਰਤ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਤੇ ਈਸਾਈ ਫਿਰਕੇ ਦੇ ਲੋਕਾਂ ਨੂੰ ਨਾਜਾਇਜ਼ ਸ਼ਰਨਾਰਥੀ ਨਹੀਂ ਮੰਨਿਆ ਜਾਵੇਗਾ ਸਗੋਂ ਉੇਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ। ਇਹ ਬਿੱਲ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਚੋਣ ਵਾਅਦਾ ਸੀ।


Related News