ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ : ਆਸਾਮ ''ਚ ਫਸੇ ਯਾਤਰੀਆਂ ਦੀ ਰੇਲਵੇ ਕਰ ਰਿਹੈ ਮਦਦ

12/14/2019 5:19:15 PM

ਗੁਹਾਟੀ (ਭਾਸ਼ਾ)— ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦਰਮਿਆਨ ਆਸਾਮ ਵਿਚ ਫਸੇ ਯਾਤਰੀਆਂ ਦੀ ਮਦਦ ਲਈ ਰੇਲਵੇ ਗੁਹਾਟੀ ਤੋਂ ਵਿਸ਼ੇਸ਼ ਟਰੇਨਾਂ ਚਲਾ ਰਿਹਾ ਹੈ। ਵਿਸ਼ੇਸ਼ ਯਾਤਰੀ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਤਾਂ ਕਿ ਲੋਕ ਆਸਾਮ 'ਚ ਆਪਣੀ ਮੰਜ਼ਲ ਤਕ ਪਹੁੰਚ ਸਕਣ। ਅਧਿਕਾਰੀ ਨੇ ਦੱਸਿਆ ਕਿ ਅੱਜ ਰਾਤ ਇਕ ਵਿਸ਼ੇਸ਼ ਯਾਤਰੀ ਟਰੇਨ ਗੁਹਾਟੀ ਤੋਂ ਦੀਮਾਪੁਰ ਲਈ ਚਲਾਈ ਜਾਵੇਗੀ। ਪਿਛਲੇ ਦੋ ਦਿਨਾਂ 'ਚ 2000 ਤੋਂ 2400 ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਣ 'ਚ ਮਦਦ ਕੀਤੀ ਗਈ। ਲੱਗਭਗ 600-800 ਯਾਤਰੀ ਅਜੇ ਵੀ ਗੁਹਾਟੀ ਵਿਚ ਫਸੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਵੀ ਕੱਲ ਸਵੇਰੇ ਤਕ ਉੱਥੋਂ ਕੱਢ ਲਿਆ ਜਾਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਟਰੇਨਾਂ ਬਾਰੇ ਯਾਤਰੀਆਂ ਨੂੰ ਦੱਸਣ ਲਈ ਰੇਲਵੇ ਫੇਸਬੁੱਕ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਸਹਾਰਾ ਲੈ ਰਿਹਾ ਹੈ। ਯਾਤਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ, ਇਸ ਲਈ ਜਿੱਥੇ ਵੀ ਸੰਭਵ ਹੈ ਸਥਾਨਕ ਰੇਲ ਪ੍ਰਸ਼ਾਸਨ ਫਸੇ ਯਾਤਰੀਆਂ ਲਈ ਟਰੇਨਾਂ ਚਲਾ ਰਿਹਾ ਹੈ। ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਬਿੱਲ 2019 ਦੇ ਕਾਨੂੰਨ ਬਣਨ ਤੋਂ ਬਾਅਦ ਭਾਰਤ 'ਚ ਇਸ ਦੇ ਵਿਰੁੱਧ ਪਿਛਲੇ ਕੁਝ ਦਿਨਾਂ ਤੋਂ ਹਿੰਸਕ ਪ੍ਰਦਰਸ਼ਨ ਹੋ ਰਿਹਾ ਹੈ। ਇਸ ਕਾਨੂੰਨ ਤਹਿਤ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਗੈਰ-ਮੁਸਲਿਮ ਧਾਰਮਿਕ ਘੱਟ ਗਿਣਤੀ ਦੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਪ੍ਰਦਾਨ ਕਰਨ ਦਾ ਪ੍ਰਸਤਾਵ ਹੈ।

Tanu

This news is Content Editor Tanu