ਸਰਹੱਦ 'ਤੇ ਜੰਗ ਵਰਗੇ ਹਾਲਾਤ : ਪਾਕਿ ਗੋਲਾਬਾਰੀ 'ਚ 5 ਵਿਅਕਤੀਆਂ ਦੀ ਮੌਤ

05/24/2018 11:40:34 AM

ਜੰਮੂ/ਸਾਂਬਾ/ਆਰ. ਐੱਸ. ਪੁਰਾ/ਬਿਸ਼ਨਾਹ/ਹੀਰਾਨਗਰ— ਭਾਰਤ ਅਤੇ ਪਾਕਿ ਕੌਮਾਂਤਰੀ ਸਰਹੱਦ 'ਤੇ ਜੰਗ ਵਰਗੇ ਹਾਲਾਤ ਪੈਦਾ ਹੋ ਗਏ ਹਨ ਕਿਉਂਕਿ ਵਾਰ-ਵਾਰ ਮੂੰਹ ਦੀ ਖਾਣ ਦੇ ਬਾਵਜੂਦ ਫਿਰ ਪਾਕਿਸਤਾਨ ਨੇ ਮੰਗਲਵਾਰ, ਬੁੱਧਵਾਰ ਪੂਰੀ ਰਾਤ ਕਠੂਆ ਤੋਂ ਲੈ ਕੇ ਜੰਮੂ ਜ਼ਿਲੇ ਦੇ ਅਖਨੂਰ ਤਕ ਸਰਹੱਦੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਵਿਚ ਗੋਲਾਬਾਰੀ ਕੀਤੀ, ਜੋ ਬੁੱਧਵਾਰ ਦੁਪਹਿਰ ਤਕ ਜਾਰੀ ਰਹੀ। ਗੋਲਾਬਾਰੀ ਦੀ ਲਪੇਟ ਵਿਚ ਆਉਣ ਨਾਲ 5 ਲੋਕਾਂ ਦੀ ਮੌਤ ਹੋ ਗਈ ਜਦ ਕਿ ਬੀ. ਐੱਸ. ਐੱਫ. ਦੇ 5 ਜਵਾਨਾਂ ਸਣੇ ਦੋ ਦਰਜਨ ਲੋਕ ਜ਼ਖਮੀ ਹੋ ਗਏ। ਸਰਹੱਦੀ ਇਲਾਕਿਆਂ ਵਿਚ ਫੈਲੀ ਦਹਿਸ਼ਤ ਕਾਰਨ ਅਰਨੀਆ ਤੇ ਸਰਹੱਦ ਨਾਲ ਲਗਦੇ ਤਕਰੀਬਨ 100 ਪਿੰਡਾਂ ਦੇ 76 ਹਜ਼ਾਰ ਤੋਂ ਜ਼ਿਆਦਾ ਲੋਕ ਪਲਾਇਨ ਕਰ ਗਏ ਹਨ। 2 ਦਿਨਾਂ ਤੋਂ ਪਾਕਿਸਤਾਨੀ ਰੇਂਜਰਸ ਵਲੋਂ ਗੋਲਾਬਾਰੀ ਦਾ ਦਾਇਰਾ ਵੀ ਵਧਾਇਆ ਗਿਆ ਹੈ, ਜਿਸ ਕਾਰਨ ਕੌਮਾਂਤਰੀ ਸਰਹੱਦ (ਆਈ. ਬੀ.) ਤੋਂ 5 ਕਿਲੋਮੀਟਰ ਦੂਰ ਅਰਨੀਆ ਸ਼ਹਿਰ ਅਤੇ ਪਿੰਡ ਚਕਰੋਈ ਤਕ ਪਾਕਿਸਤਾਨ ਦੇ ਗੋਲੇ ਡਿੱਗੇ ਹਨ। ਇਸ ਕਾਰਨ ਤਕਰੀਬਨ 18500 ਲੋਕਾਂ ਦੀ ਆਬਾਦੀ ਵਾਲੇ ਅਰਨੀਆ ਸ਼ਹਿਰ ਵਿਚ ਹੁਣ ਵੀਰਾਨੀ ਛਾਈ ਹੋਈ ਹੈ। ਆਸ-ਪਾਸ ਦੇ ਪਿੰਡਾਂ ਵਿਚ ਆਪਣੇ ਪਸ਼ੂਆਂ ਦੀ ਦੇਖਭਾਲ ਅਤੇ ਚੋਰੀ ਦੀਆਂ ਘਟਨਾਵਾਂ ਤੋਂ ਆਪਣੇ ਘਰਾਂ ਨੂੰ ਬਚਾਉਣ ਲਈ ਹੁਣ ਕੁਝ ਲੋਕ ਅਤੇ ਪੁਲਸ ਕਰਮਚਾਰੀ ਵੀ ਉਥੇ ਬਚੇ ਹਨ।


ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ ਪਾਕਿਸਤਾਨ ਵਲੋਂ ਕਠੂਆ, ਸਾਂਬਾ ਅਤੇ ਜੰਮੂ ਜ਼ਿਲੇ ਵਿਚ ਸਥਿਤ ਬੀ. ਐੱਸ. ਐੱਫ. ਦੀਆਂ ਸਰਹੱਦੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਗੋਲਾਬਾਰੀ ਕੀਤੀ ਗਈ। ਪਾਕਿਸਤਾਨ ਵਲੋਂ ਆਰ. ਐੱਸ. ਪੁਰਾ ਇਲਾਕੇ ਦੇ ਪਿੰਡ ਚਕਰੋਈ ਤਕ ਮੋਰਟਾਰ ਦਾਗ਼ੇ ਗਏ। ਇਸ ਕਾਰਨ ਇਨ੍ਹਾਂ ਇਲਾਕਿਆਂ ਦੇ ਲੋਕ ਸੁਰੱਖਿਅਤ ਸਥਾਨਾਂ 'ਤੇ ਪ੍ਰਸ਼ਾਸਨ ਵਲੋਂ ਸਥਾਪਤ ਕੀਤੇ ਗਏ ਸ਼ਰਨਾਰਥੀ ਕੈਂਪਾਂ ਅਤੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਪਨਾਹ ਲੈਣ ਲਈ ਮਜਬੂਰ ਹੋ ਗਏ ਹਨ।
ਜੰਮੂ ਜ਼ਿਲੇ ਦੇ ਅਰਨੀਆ ਅਤੇ ਆਰ. ਐੱਸ. ਪੁਰਾ ਇਲਾਕਿਆਂ ਵਿਚ ਹੋਈ ਗੋਲਾਬਾਰੀ ਦੌਰਾਨ ਇਕ ਸ਼ੈੱਲ ਦੇ ਸ਼ੱਰੇ ਲੱਗਣ ਨਾਲ ਭਜਨ ਲਾਲ ਪੁੱਤਰ ਕਰਮ ਚੰਦ ਅਤੇ ਰਘੁਬੀਰ ਸਿੰਘ ਪੁੱਤਰ ਕਰਮ ਚੰਦ ਦੀ ਮੌਤ ਹੋ ਗਈ ਜਦਕਿ ਬੀ. ਐੱਸ. ਐੱਫ. ਦੀ 192ਵੀਂ ਬਟਾਲੀਅਨ ਦੇ 2 ਜਵਾਨ ਤਪਸ ਹਲਦਾਰ ਅਤੇ ਤਾਮਿਲਾ ਰਾਸਨ ਤੇ ਬਸਤੀ ਗੁਲਾਬਗੜ੍ਹ ਵਾਸੀ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਤੇ ਸੰਨੀ ਕੁਮਾਰ ਪੁੱਤਰ ਰਘੁਬੀਰ ਸਿੰਘ ਤੇ ਅਰਨੀਆ ਦਾ ਰਹਿਣ ਵਾਲਾ ਰਵੀ ਕੁਮਾਰ ਪੁੱਤਰ ਪੂਰਨ ਚੰਦ ਜ਼ਖਮੀ ਹੋ ਗਏ।


ਓਧਰ ਸਿੰਚਾਈ ਮੰਤਰੀ ਸ਼ਾਮ ਲਾਲ ਚੌਧਰੀ ਅਤੇ ਮਾਲ ਮੰਤਰੀ ਜਾਵੇਦ ਮੁਸਤਫਾ ਮੀਰ ਨੇ ਆਰ. ਐੱਸ. ਪੁਰਾ ਵਿਚ ਗੋਲਾਬਾਰੀ 'ਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਸਰਕਾਰ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਪੀੜਤ ਪਰਿਵਾਰਾਂ ਨੂੰ ਦਿੱਤਾ। ਇਸੇ ਦੌਰਾਨ ਪਾਕਿਸਤਾਨੀ ਗੋਲਾਬਾਰੀ ਦੀ  ਲਪੇਟ ਵਿਚ ਆ ਕੇ ਹੀਰਾਨਗਰ ਇਲਾਕੇ ਦੇ ਪਿੰਡ ਲੌਂਡੀ ਦਾ ਰਹਿਣ ਵਾਲਾ ਰਾਮ ਲਾਲ (51) ਪੁੱਤਰ ਤਿਲੋ ਰਾਮ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਬਾਅਦ ਵਿਚ ਜੰਮੂ ਸਥਿਤ ਮੈਡੀਕਲ ਕਾਲਜ  ਵਿਚ ਮੌਤ ਹੋ ਗਈ। ਉਥੇ ਹੀ ਸਾਂਬਾ ਜ਼ਿਲੇ ਦੇ ਬੈਨਗਲਾਡ 'ਚ ਗੋਲਾਬਾਰੀ ਦੀ ਲਪੇਟ ਵਿਚ ਆਉਣ ਨਾਲ ਇਕ 10 ਸਾਲਾ ਬੱਚੇ ਕ੍ਰਿਸ਼ਨ ਲਾਲ ਪੁੱਤਰ ਵਿਜੇ ਕੁਮਾਰ ਅਤੇ ਸ਼ਾਮੋ ਦੇਵੀ ਪਤਨੀ ਬਹਾਦਰ ਲਾਲ ਵਾਸੀ ਬੈਨਗਲਾਡ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪੂਜਾ ਦੇਵੀ ਪਤਨੀ ਬਾਲ ਕ੍ਰਿਸ਼ਨ, 2 ਸਾਲਾ ਸ਼ਿਵਾ ਪੁੱਤਰ ਬਾਲ ਕ੍ਰਿਸ਼ਨ, ਸ਼ਿਵ ਰਾਜ ਪੁੱਤਰ ਵਿਜੇ ਕੁਮਾਰ  ਨੂੰ ਗੰਭੀਰ ਜ਼ਖਮੀ ਹੋਣ ਕਾਰਨ ਜੰਮੂ ਸਥਿਤ ਮੈਡੀਕਲ ਕਾਲਜ  ਰੈਫਰ ਕੀਤਾ ਗਿਆ ਜਦਕਿ ਹੋਰ ਜ਼ਖਮੀਆਂ ਚੰਪਾ ਦੇਵੀ ਪਤਨੀ ਵਿਜੇ ਕੁਮਾਰ ਅਤੇ 11 ਸਾਲਾ ਪਰੀ ਪੁੱਤਰੀ ਬਾਲ ਕ੍ਰਿਸ਼ਨ ਵਾਸੀ ਬੈਨਗਲਾਡ ਜ਼ਿਲਾ ਹਸਪਤਾਲ ਸਾਂਬਾ ਵਿਚ ਜ਼ੇਰੇ ਇਲਾਜ ਅਧੀਨ ਹਨ। ਇਸੇ ਦੌਰਾਨ ਸਾਂਬਾ ਦੇ ਹੀ ਰਾਮਗੜ੍ਹ ਸਬ ਸੈਕਟਰ ਦੀ ਬਲਾੜ ਸਰਹੱਦੀ ਚੌਕੀ 'ਤੇ ਪਾਕਿਸਤਾਨੀ ਗੋਲਾਬਾਰੀ ਦੌਰਾਨ ਬੀ. ਐੱਸ. ਐੱਫ. ਦੇ 3 ਜਵਾਨ ਜ਼ਖਮੀ ਹੋ ਗਏ। 176ਵੀਂ ਬਟਾਲੀਅਨ ਦੇ ਇਨ੍ਹਾਂ ਜ਼ਖਮੀ ਜਵਾਨਾਂ ਦੀ ਪਛਾਣ ਈ. ਟੀ. ਜਕਤਾਬ, ਬੀ. ਐੱਸ. ਪਾਂਡੇ ਅਤੇ ਨਿਕਾਰ ਭੱਟੀ ਵਜੋਂ ਹੋਈ ਹੈ। ਇਨ੍ਹਾਂ ਨੂੰ ਪਹਿਲਾਂ ਰਾਮਗੜ੍ਹ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਬਾਅਦ ਵਿਚ ਇਨ੍ਹਾਂ ਨੂੰ ਜੰਮੂ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਵਿਚ ਕਈ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਉੱਥੇ ਹੀ ਭਾਰਤ ਨੇ ਜੰਮੂ ਵਿਚ ਕੰਟਰੋਲ ਰੇਖਾ 'ਤੇ ਭੀਮਰ ਸੈਕਟਰ ਵਿਚ 21 ਮਈ ਨੂੰ ਪਾਕਿਸਤਾਨੀ ਫੌਜ ਦੀ ਬਿਨਾਂ ਕਾਰਨ ਗੋਲੀਬਾਰੀ ਵਿਚ ਇਕ 7 ਮਹੀਨੇ ਦੇ ਬੱਚੇ ਦੀ ਮੌਤ ਦੇ ਮਾਮਲੇ ਵਿਚ ਅੱਜ ਪਾਕਿਸਤਾਨੀ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਅਲੀ ਨੂੰ ਤਲਬ ਕਰ ਕੇ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ।

ਪਾਕਿ ਦੀਆਂ ਕਈ ਚੌਕੀਆਂ ਉਡਾਈਆਂ
ਹਾਲਾਂਕਿ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਉਸ ਵਲੋਂ ਗੋਲਾਬਾਰੀ ਵਿਚ ਕੋਈ ਕਮੀ ਨਹੀਂ ਆ ਰਹੀ। ਸੂਤਰਾਂ ਅਨੁਸਾਰ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਵੀ ਬੀ. ਐੱਸ. ਐੱਫ. ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਦੇ ਪਾਰ ਅਰਨੀਆ ਦੇ ਸਾਹਮਣੇ ਵਾਲੇ ਇਲਾਕੇ ਵਿਚ ਪਾਕਿਸਤਾਨ ਦੀਆਂ ਕਈ ਚੌਕੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।