ਕੋਰੋਨਾ ਵਾਇਰਸ ਦੀ ਨਹੀਂ ਕੀਤੀ ਪਰਵਾਹ, ਚੀਨ ਤੋਂ ਆਈ ਕੁੜੀ ਨੇ ਭਾਰਤੀ ਮੁੰਡੇ ਨਾਲ ਲਏ ਫੇਰੇ

02/02/2020 5:22:08 PM

ਮੰਦਸੌਰ— ਚੀਨ 'ਚ ਇਸ ਸਮੇਂ ਖਤਰਨਾਕ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ, ਜਿਸ ਦੀ ਲਪੇਟ 'ਚ ਆ ਕੇ ਹੁਣ ਤਕ 305 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ 'ਚ ਫੈਲੇ ਇਸ ਵਾਇਰਸ ਨੇ ਦੁਨੀਆ ਭਰ ਦੇ 25 ਦੇਸ਼ਾਂ 'ਚ ਦਸਤਕ ਦੇ ਦਿੱਤੀ ਹੈ। ਚੀਨ 'ਚ ਜਿੱਥੇ ਲੋਕਾਂ ਦੀ ਜਾਨ 'ਤੇ ਬਣੀ ਹੋਈ ਹੈ, ਉੱਥੇ ਹੀ ਇਕ ਲਾੜੀ ਵਿਆਹ ਕਰਵਾਉਣ ਲਈ ਚੀਨ ਤੋਂ ਭਾਰਤ ਆਈ ਹੈ। ਇਹ ਮਾਮਲਾ ਮੱਧ ਪ੍ਰਦੇਸ਼ 'ਚ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦਾ ਇਕ ਸ਼ਖਸ ਹਾਲ ਹੀ 'ਚ ਚੀਨੀ ਕੁੜੀ ਨਾਲ ਵਿਆਹ ਦੇ ਬੰਧਨ 'ਚ ਬੱਝਿਆ। ਇਨ੍ਹਾਂ ਦੋਵੇਂ ਕੋਰੋਨਾ ਵਾਇਰਸ ਦੀ ਪਰਵਾਹ ਕੀਤੇ ਬਿਨਾਂ ਵਿਆਹ ਦੇ ਬੰਧਨ 'ਚ ਬੱਝ ਗਏ। ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਕੁੜੀ ਆਪਣੇ ਪੂਰੇ ਪਰਿਵਾਰ ਨਾਲ ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਲੜਕੇ ਨਾਲ ਵਿਆਹ ਕਰਨ ਪੁੱਜੀ। 

ਦਰਅਸਲ ਮੰਦਸੌਰ ਦਾ ਰਹਿਣ ਵਾਲਾ ਸੱਤਿਆਰਥ ਮਾਸ ਕਮਿਊਨਿਕੇਸ਼ਨ ਦੀ ਪੜ੍ਹਾਈ ਕਰਨ ਲਈ ਸ਼ੇਰੀਡਲ ਕਾਲਜ ਕੈਨੇਡਾ ਗਿਆ ਸੀ। ਇਸ ਦੌਰਾਨ ਚੀਨ ਦੇ ਡਿਜੀਯੋਂਗ ਸ਼ਹਿਰ ਦੀ ਰਹਿਣ ਵਾਲੀ ਜੀ ਹਾਓ ਡੋਰਾ ਵੀ ਉਸੇ ਕਾਲਜ ਵਿਚ ਪੜ੍ਹਨ ਲਈ ਆਈ। ਜੀ ਹਾਓ ਨੂੰ ਭਾਸ਼ਾ ਸਮਝਣ 'ਚ ਮੁਸ਼ਕਲ ਹੋਣ 'ਤੇ ਸੱਤਿਆਰਥ ਉਸ ਦੀ ਮਦਦ ਕਰਦਾ ਸੀ ਅਤੇ ਇਹ ਮਦਦ ਕਦੋਂ ਪਿਆਰ ਵਿਚ ਬਦਲ ਗਈ, ਦੋਹਾਂ ਨੂੰ ਪਤਾ ਹੀ ਨਹੀਂ ਲੱਗਾ। ਪੜ੍ਹਾਈ ਪੂਰੀ ਕਰਨ ਮਗਰੋਂ ਸੱਤਿਆਰਥ ਕੈਨੇਡਾ ਵਿਚ ਹੀ ਸੈਟਲ ਹੋ ਗਿਆ। ਜੀ ਹਾਓ ਵੀ ਮੇਕਅਪ ਆਰਟਿਸਟ ਦਾ ਕੰਮ ਕਰ ਰਹੀ ਹੈ। ਦੋਹਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਮੰਦਸੌਰ ਵਿਚ ਦੋਹਾਂ ਦਾ ਵਿਆਹ ਹੋਇਆ। ਭਾਰਤੀ ਰੀਤੀ-ਰਿਵਾਜ ਨਾਲ ਵਿਆਹ ਹੋਇਆ।

ਚਾਇਨੀਜ਼ ਅਤੇ ਭਾਰਤ ਦੀਆਂ ਵੱਖ-ਵੱਖ ਰਵਾਇਤਾਂ ਅਤੇ ਭਾਸ਼ਾਵਾਂ ਦਾ ਮੇਲ ਨਾ ਹੋਣ ਤੋਂ ਬਾਅਦ ਵੀ ਦੋਹਾਂ ਪਰਿਵਾਰ ਦੇ ਸਕੇ-ਸਬੰਧੀ ਇਕ ਹੀ ਮੰਡਪ ਹੇਠਾਂ ਇਕੱਠੇ ਹਨ। ਇਨ੍ਹਾਂ ਵਿਚਾਲੇ ਭਾਸ਼ਾ ਦੀ ਕਾਫੀ ਦਿੱਕਤ ਵੀ ਹੈ। ਲਾੜਾ-ਲਾੜੀ ਤਾਂ ਕਾਫੀ ਸਮੇਂ ਨਾਲ ਰਹਿਣ ਕਾਰਨ ਅੰਗਰੇਜ਼ੀ 'ਚ ਆਪਸ 'ਚ ਗੱਲ ਕਰ ਲੈਂਦੇ ਹਨ ਪਰ ਲਾੜੀ ਦੇ ਮਾਤਾ-ਪਿਤਾ ਅਤੇ ਹੋਰ ਸੰਬੰਧੀਆਂ ਨੂੰ ਨਾ ਤਾਂ ਅੰਗਰੇਜ਼ੀ ਆਉਂਦੀ ਹੈ ਅਤੇ ਨਾ ਹੀ ਹਿੰਦੀ। ਇਸ ਦਾ ਵੀ ਜੁਗਾੜ ਤਕਨੀਕ ਤੋਂ ਕੀਤਾ ਗਿਆ ਹੈ। ਸਾਰਿਆਂ ਨੇ ਆਪਣੇ ਮੋਬਾਇਲ 'ਚ ਭਾਸ਼ਾ ਟਰਾਂਸਲੇਟਰ ਦਾ ਐਪ ਡਾਊਨਲੋਡ ਕੀਤਾ ਹੈ। ਜਿਸ ਦੀ ਮਦਦ ਨਾਲ ਉਹ ਗੱਲਬਾਤ ਨੂੰ ਸਮਝ ਰਹੇ ਹਨ।

Tanu

This news is Content Editor Tanu