ਫਿਰ ਧੋਖੇਬਾਜੀ ''ਤੇ ਉਤਰਿਆ ਚੀਨ, LAC ''ਤੇ ਤਾਇਨਾਤ ਕਰ ਰਿਹਾ 40 ਹਜ਼ਾਰ ਫ਼ੌਜੀ

07/23/2020 2:36:59 AM

ਨਵੀਂ ਦਿੱਲੀ - ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਹਾਲਾਤ ਕਾਬੂ ਕਰਨ ਲਈ ਹੋਈਆਂ ਬੈਠਕਾਂ ਦੇ ਕਈ ਦੌਰ ਤੋਂ ਬਾਅਦ ਇਸ 'ਤੇ ਸਹਿਮਤ ਹੋਇਆ ਚੀਨ ਅਸਲ 'ਚ ਆਪਣੀ ਹੀ ਗੱਲ 'ਤੇ ਟਿਕਿਆ ਹੋਇਆ ਨਹੀਂ ਨਜ਼ਰ ਆ ਰਿਹਾ ਹੈ। ਚੀਨ ਦੀਆਂ ਹਰਕਤਾਂ ਇਸ ਵੱਲ ਇਸ਼ਾਰਾ ਕਰ ਰਹੀਆਂ ਹਨ ਕਿ ਉਹ ਅਸਲੀ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਹਾਲਾਤ ਇੱਕੋ ਜਿਹੇ ਕਰਨ ਨੂੰ ਤਿਆਰ ਨਹੀਂ ਹੈ। ਪੂਰਬੀ ਲੱਦਾਖ ਖੇਤਰ 'ਚ ਚੀਨੀ ਫ਼ੌਜ ਵੱਲੋਂ ਉਸ ਦੇ ਹਿੱਸੇ ਦੇ ਖੇਤਰ 'ਚ ਕਰੀਬ 40 ਹਜ਼ਾਰ ਫ਼ੌਜੀਆਂ ਦੀ ਨਿਯੁਕਤੀ ਤਾਂ ਇਸ ਵੱਲ ਇਸ਼ਾਰਾ ਕਰ ਰਹੀ ਹੈ। 

ਇਸ ਦੇ ਨਾਲ ਹੀ ਚੀਨੀ ਧਿਰ ਪੂਰਬੀ ਲੱਦਾਖ 'ਚ ਵਿਵਾਦ ਵਾਲੇ ਸਥਾਨਾਂ 'ਤੇ ਤੋਂ ਫ਼ੌਜੀਆਂ ਦੀ ਗਿਣਤੀ ਘਟਾਉਣ ਦੇ ਆਪਣੇ ਵਾਅਦੇ ਦਾ ਸਨਮਾਨ ਵੀ ਨਹੀਂ ਕਰ ਰਿਹਾ ਹੈ।  ਜਾਣਕਾਰੀ  ਦੇ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਫ਼ੌਜੀ ਅਤੇ ਕੂਟਨੀਤਕ ਗੱਲਬਾਤ 'ਚ ਜਿਨ੍ਹਾਂ ਸ਼ਰਤਾਂ 'ਤੇ ਫ਼ੌਜੀਆਂ ਨੂੰ ਘੱਟ ਕਰਨ ਦੀ ਸਹਿਮਤੀ ਬਣੀ ਸੀ, ਚੀਨ ਉਨ੍ਹਾਂ ਦਾ ਵੀ ਪਾਲਣ ਨਹੀਂ ਕਰ ਰਿਹਾ ਹੈ। ਦੱਸ ਦਈਏ ਕਿ ਚੀਨ ਸਰਹੱਦ 'ਤੇ ਫ਼ੌਜੀਆਂ ਦੀ ਗਿਣਤੀ ਘਟਾਉਣ ਲਈ ਉਦੋਂ ਰਾਜੀ ਹੋਇਆ ਸੀ ਜਦੋਂ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਸੀ।

ਭਾਰੀ ਹਥਿਆਰਾਂ ਨਾਲ ਫੌਜੀ ਤਾਇਨਾਤ ਕਰ ਰਿਹਾ ਚੀਨ
ਸੂਤਰਾਂ ਨੇ ਦੱਸਿਆ, ਚੀਨੀ ਧਿਰ ਵਲੋਂ ਹਾਲਾਤ ਕਾਬੂ ਕਰਨ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਭਾਰੀ ਹਥਿਆਰਾਂ ਨਾਲ ਆਪਣੇ ਕਰੀਬ 40 ਹਜ਼ਾਰ ਫ਼ੌਜੀਆਂ ਨੂੰ ਤਾਇਨਾਤ ਕਰਨਾ ਸ਼ੁਰੂ ਕੀਤਾ ਹੈ। ਇਨ੍ਹਾਂ ਫੌਜੀਆਂ ਨੂੰ ਏਅਰ ਡਿਫੈਂਸ ਸਿਸਟਮ ਅਤੇ ਲੰਮੀ ਰੇਂਜ ਵਾਲੇ ਆਰਟਿਲਰੀ ਹਥਿਆਰ ਵਰਗੇ ਹਥਿਆਰਾਂ ਨਾਲ ਲੈਸ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਪਿੱਛਲੀ ਫ਼ੌਜੀ ਗੱਲਬਾਤ ਤੋਂ ਬਾਅਦ ਫ਼ੌਜੀਆਂ ਨੂੰ ਘੱਟ ਕਰਨ ਦੀ ਪ੍ਰਕਿਰਿਆ 'ਚ ਵੀ ਕੋਈ ਵਿਕਾਸ ਨਹੀਂ ਹੋਇਆ ਹੈ।
ਚੀਨੀ ਧਿਰ ਫਿੰਗਰ 5 ਏਰੀਆ 'ਚ ਵੀ ਪਿੱਛੇ ਹੱਟਣ ਨੂੰ ਅਤੇ ਸਿਰੀਜਾਪ 'ਚ ਆਪਣੀ ਸਥਾਈ ਜਗ੍ਹਾ ਵਾਪਸ ਜਾਣ ਲਈ ਵੀ ਤਿਆਰ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਫਿੰਗਰ ਖੇਤਰ 'ਚ ਇੱਕ ਆਬਜਰਵੇਸ਼ਨ ਪੋਸਟ (ਨਿਗਰਾਨੀ ਪੋਸਟ)  ਤਿਆਰ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਟ ਸਪ੍ਰਿੰਗਸ ਅਤੇ ਗੋਗਰਾ ਪੋਸਟ ਏਰੀਆ 'ਚ ਵੀ ਵੱਡੇ ਪੱਧਰ 'ਤੇ ਨਿਰਮਾਣ ਕੀਤਾ ਹੈ। ਇਹ ਦੋਵੇਂ ਖੇਤਰ ਪੂਰਬੀ ਲੱਦਾਖ 'ਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹੋਣ ਵਾਲੇ ਗਤੀਰੋਧ ਦੇ ਪ੍ਰਮੁੱਖ ਖੇਤਰ ਹਨ।


Inder Prajapati

Content Editor

Related News