ਲੱਦਾਖ ਖੇਤਰ ’ਚ 6 ਕਿਲੋਮੀਟਰ ਅੰਦਰ ਤੱਕ ਦਾਖਲ ਹੋਈ ਚੀਨੀ ਫੌਜ, ਲਹਿਰਾਇਆ ਚੀਨ ਦਾ ਝੰਡਾ

07/13/2019 11:38:37 AM

ਲੱਦਾਖ–ਡੋਕਲਾਮ ਅੜਿੱਕੇ ਦੇ 2 ਸਾਲ ਬਾਅਦ ਚੀਨ ਦੀ ਫੌਜ ਨੇ ਇਕ ਵਾਰ ਫਿਰ ਭਾਰਤੀ ਖੇਤਰ ’ਚ ਘੁਸਪੈਠ ਕੀਤੀ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਲੱਦਾਖ ’ਚ ਪੂਰਬੀ ਡੇਮਚੋਕ ਇਲਾਕੇ ’ਚ 6 ਕਿਲੋਮੀਟਰ ਅੰਦਰ ਤੱਕ ਘੁਸਪੈਠ ਕੀਤੀ ਅਤੇ ਆਪਣਾ ਝੰਡਾ ਲਹਿਰਾਇਆ। ਚੀਨ ਦੀ ਫੌਜ ਨੇ ਅਜਿਹੇ ਸਮੇਂ ’ਤੇ ਘੁਸਪੈਠ ਕੀਤੀ ਹੈ, ਜਦੋਂ ਸਥਾਨਕ ਨਿਵਾਸੀ ਤਿੱਬਤੀ ਧਰਮਗੁਰੂ ਦਲਾਈਲਾਮਾ ਦਾ ਜਨਮ ਦਿਨ ਮਨਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਡੇਮਚੋਕ ਦੇ ਸਰਪੰਚ ਨੇ ਚੀਨ ਦੀ ਫੌਜ ਵਲੋਂ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਇਹ ਫੌਜੀ ਵਾਹਨਾਂ 'ਚ ਸਵਾਰ ਹੋ ਕੇ ਭਾਰਤੀ ਇਲਾਕੇ ’ਚ ਆਏ ਅਤੇ ਚੀਨ ਦਾ ਝੰਡਾ ਲਹਿਰਾਇਆ। ਡੇਮਚੋਕ ਦੀ ਸਰਪੰਚ ਉਰਗੇਨ ਚੋਦੋਨ ਨੇ ਦੱਸਿਆ ਕਿ ਚੀਨ ਦੇ ਫੌਜੀ ਭਾਰਤੀ ਹੱਦ ਵਿਚ ਆਏ। ਉਨ੍ਹਾਂ ਦੱਸਿਆ ਕਿ ਚੀਨੀ ਫੌਜੀਆਂ ਦੇ ਡੇਮਚੋਕ ’ਚ ਆਉਣ ਦਾ ਮਕਸਦ ਕੁਝ ਹੋਰ ਨਜ਼ਰ ਆ ਰਿਹਾ ਹੈ।

ਘੁਸਪੈਠ ਦੀ ਸਰਗਰਮੀ ਨੂੰ ਅੰਜਾਮ ਦੇ ਕੇ ਭਾਰਤ ’ਤੇ ਦਬਾਅ ਵਧਾਉਣਾ ਚਾਹੁੰਦਾ ਹੈ ਚੀਨ-
ਉਰਗੇਨ ਨੇ ਦੱਸਿਆ ਕਿ ਚੀਨ ਦੇ ਫੌਜੀਆਂ ਦਾ ਡੇਮਚੋਕ ’ਚ ਆਉਣਾ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਚੀਨ ਇਸ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਅੰਜਾਮ ਦੇ ਕੇ ਭਾਰਤ ’ਤੇ ਦਬਾਅ ਵਧਾਉਣਾ ਚਾਹੁੰਦਾ ਹੈ ਤਾਂ ਕਿ ਜੇਕਰ ਕਦੇ ਗੱਲਬਾਤ ਹੋਵੇ ਤਾਂ ਉਸ ਸਮੇਂ ਇਸ ਖੇਤਰ ’ਤੇ ਆਪਣਾ ਦਾਅਵਾ ਕੀਤਾ ਜਾ ਸਕੇ। ਚੀਨ ਇਹ ਕਹਿ ਸਕਦਾ ਹੈ ਕਿ ਉਥੇ ਚੀਨ ਦਾ ਝੰਡਾ ਹੈ ਅਤੇ ਉਸ ਦਾ ਟੈਂਟ ਹੈ, ਅਜਿਹੇ ’ਚ ਇਲਾਕਾ ਉਸ ਦਾ ਹੈ।

2018 ’ਚ ਵੀ ਕੀਤੀ ਸੀ ਚੀਨ ਨੇ ਘੁਸਪੈਠ-
ਚੀਨ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ। ਇਥੇ ਅਸਲ ਕੰਟਰੋਲ ਰੇਖਾ ’ਤੇ ਇਕ ਨਾਲੇ ਦੇ ਕੋਲ ਅਜੇ ਵੀ ਚੀਨ ਦੇ 2 ਟੈਂਟ ਲੱਗੇ ਹੋਏ ਹਨ। ਅਗਸਤ 2018 ’ਚ ਚੀਨ ਨੇ ਇਸ ਖੇਤਰ ’ਚ ਘੁਸਪੈਠ ਕੀਤੀ ਸੀ ਅਤੇ ਕਈ ਟੈਂਟ ਸਥਾਪਿਤ ਕੀਤੇ ਸਨ। ਭਾਰਤ ਦੇ ਵਿਰੋਧ ਤੋਂ ਬਾਅਦ ਉਸ ਨੇ ਕਈ ਟੈਂਟ ਹਟਾਏ ਪਰ ਅਜੇ ਵੀ 2 ਟੈਂਟ ਉਥੇ ਮੌਜੂਦ ਹਨ। ਇਹੀ ਨਹੀਂ, ਚੀਨ ਨੇ ਸਰਹੱਦ ਦੇ ਉਸ ਪਾਰ ਵੱਡੀ ਗਿਣਤੀ ’ਚ ਸੜਕਾਂ ਬਣਾ ਲਈਆਂ ਹਨ ਅਤੇ ਮੁੱਢਲੇ ਢਾਂਚੇ ਨੂੰ ਮਜ਼ਬੂਤ ਕੀਤਾ ਹੈ।

ਘੁਸਪੈਠ ਵੁਹਾਨ ਸਿਖਰ ਸੰਮੇਲਨ ਦੀਆਂ ਭਾਵਨਾਵਾਂ ਦੇ ਵਿਰੁੱਧ-
ਸਰਪੰਚ ਉਰਗੇਨ ਨੇ ਦੱਸਿਆ ਕਿ ਕਈ ਸਾਲਾਂ ਤੋਂ ਉਹ ਲੋਕ ਦਲਾਈਲਾਮਾ ਦਾ ਜਨਮ ਦਿਨ ਮਨਾ ਰਹੇ ਹਨ ਪਰ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਚੀਨ ਦੇ ਫੌਜੀ ਇਥੋਂ ਤੱਕ ਆਏ ਹਨ। ਉਨ੍ਹਾਂ ਦੱਸਿਆ ਕਿ ਫੌਜ ਅਤੇ ਸਰਕਾਰ ਨੂੰ ਇਸ ਪ੍ਰੋਗਰਾਮ ਦੀ ਜਾਣਕਾਰੀ ਹੈ। ਇਹ ਇਲਾਕਾ ਲੱਦਾਖ ’ਚ ਭਾਰਤ ਅਤੇ ਚੀਨ ਵਿਚਾਲੇ ਅੰਤਿਮ ਰਿਹਾਇਸ਼ੀ ਇਲਾਕਾ ਹੈ। ਦੱਸ ਦੇਈਏ ਕਿ ਚੀਨੀ ਫੌਜ ਦਾ ਇਹ ਕਦਮ ਵੁਹਾਨ ਸਿਖਰ ਸੰਮੇਲਨ ਦੀਆਂ ਭਾਵਨਾਵਾਂ ਦੇ ਖਿਲਾਫ ਹੈ।

Iqbalkaur

This news is Content Editor Iqbalkaur