ਹਿੰਦ ਮਹਾਸਾਗਰ ''ਚ ਚੀਨ ਦਾ ਰੁਖ਼ ਸਥਿਰਤਾ ਨੂੰ ਪ੍ਰਭਾਵਿਤ ਕਰੇਗਾ: ਮਾਹਰ

08/04/2020 2:04:56 AM

ਕੋਲਕਾਤਾ : ਰੱਖਿਆ ਅਤੇ ਰਣਨੀਤਕ ਮਾਹਰਾਂ ਨੇ ਸੋਮਵਾਰ ਨੂੰ ਕਿਹਾ ਕਿ ਹਿੰਦ ਮਹਾਸਾਗਰ 'ਚ ਚੀਨ ਦਾ ਰੁਖ਼ ਖੇਤਰ 'ਚ ਸਥਿਰਤਾ ਅਤੇ ਸ਼ਾਂਤੀ ਨੂੰ ਪ੍ਰਭਾਵਿਤ ਕਰੇਗਾ। ਰਾਸ਼ਟਰੀ ਰੱਖਿਆ ਕਾਲਜ ਦੇ ਕਮਾਂਡੈਂਟ ਵਾਈਸ-ਐਡਮਿਰਲ ਪ੍ਰਦੀਪ ਕੌਸ਼ਿਵ ਨੇ ਕਿਹਾ ਕਿ ਚੀਨ ਦੀ ‘ਪੀਪਲਜ਼ ਲਿਬਰੇਸ਼ਨ ਆਰਮੀ’ (ਪੀ.ਐੱਲ.ਏ.) ਲੰਬੇ ਸਮੇਂ ਤੋਂ ਹਿੰਦ ਮਹਾਸਾਗਰ 'ਚ ਨੇਵੀ ਫੌਜ ਟਿਕਾਣਾ ਸਥਾਪਤ ਕਰ ਰਹੀ ਹੈ।  ਵਾਈਸ-ਐਡਮਿਰਲ ਕੌਸ਼ਿਵ ਨੇ ‘ਤਿਲੋਤਮਾ ਫਾਊਂਡੇਸ਼ਨ’ ਵੱਲੋਂ ਆਯੋਜਿਤ ਇੱਕ ਵੈਬਿਨਾਰ 'ਚ ਕਿਹਾ ਕਿ ਪੀ.ਐੱਲ.ਏ. ਦੀ ਨੇਵੀ ਫੌਜ ਨੂੰ ਚੀਨ ਤੋਂ ਭੂਗੋਲਿਕ ਦੂਰੀ ਨੂੰ ਘੱਟ ਕਰਨ ਲਈ ਵੱਡੀ ਗਿਣਤੀ 'ਚ ਅਜਿਹੇ ਬੇਸ ਦੀ ਲੋੜ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ 'ਚ ਹਿੰਦ ਮਹਾਸਾਗਰ 'ਚ ਅਸ਼ਾਂਤੀ ਪੈਦਾ ਹੋਣ ਦਾ ਖਦਸ਼ਾ ਹੈ। ਵਿਸਥਾਰਵਾਦੀ ਚੀਨ 'ਤੇ ਪਾਬੰਦੀ ਲਗਾਉਣ ਅਤੇ ਖੇਤਰ ਦੀ ਸੁਰੱਖਿਆ ਲਈ ਅਮਰੀਕਾ, ਜਾਪਾਨ, ਆਸਟਰੇਲੀਆ ਅਤੇ ਭਾਰਤ ਵਾਲੇ ‘ਕਵਾਡ ਸਕਿਊਰਿਟੀ ਡਾਇਲਾਗ’ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਨਵੰਬਰ 2017 'ਚ, 4 ਦੇਸ਼ਾਂ ਨੇ ਹਿੰਦ-ਪ੍ਰਸ਼ਾਂਤ 'ਚ ਮਹੱਤਵਪੂਰਣ ਸਮੁੰਦਰੀ ਮਾਰਗਾਂ ਨੂੰ ਕਿਸੇ ਵੀ ਪ੍ਰਭਾਵ ਤੋਂ ਆਜ਼ਾਦ ਰੱਖਣ ਲਈ ਇੱਕ ਨਵੀਂ ਰਣਨੀਤੀ ਵਿਕਸਿਤ ਕਰਣ ਲਈ ‘ਕਵਾਡ’ ਜਾਂ ਚਤੁਰਭੁਜ ਸਹਿਯੋਗ ਨੂੰ ਸਰੂਪ ਦਿੱਤਾ ਸੀ। ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏ.ਐੱਨ.ਯੂ.)  ਦੇ ਡੇਵਿਡ ਬ੍ਰਿਊਸਟਰ ਨੇ ਕਿਹਾ ਕਿ ਹਿੰਦ ਮਹਾਸਾਗਰ 'ਚ ਚੀਨ ਦਾ ਨਜ਼ਰੀਆ ਰਾਜਨੀਤਕ ਅਤੇ ਰਣਨੀਤਕ ਹੈ। ਬ੍ਰਿਊਸਟਰ ਏ.ਐੱਨ.ਯੂ. 'ਚ ਨੈਸ਼ਨਲ ਸਕਿਊਰਿਟੀ ਕਾਲਜ ਦੇ ਨਾਲ ਇੱਕ ਸੀਨੀਅਰ ਰਿਸਰਚ ਫੈਲੋ ਹਨ, ਜਿੱਥੇ ਉਹ ਦੱਖਣੀ ਏਸ਼ੀਆਈ ਅਤੇ ਹਿੰਦ ਮਹਾਸਾਗਰ ਰਣਨੀਤਕ ਮਾਮਲਿਆਂ ਦੇ ਮਾਹਰ ਹਨ।

Inder Prajapati

This news is Content Editor Inder Prajapati