ਡ੍ਰੈਗਨ ਦੀ ਚਾਲ : ਨਦੀਆਂ ਦੇ ਪਾਣੀ ਰਾਹੀਂ ਭਾਰਤ ''ਚ ਤਬਾਹੀ ਮਚਾਉਣ ਦੀ ਸਾਜ਼ਿਸ਼

08/19/2017 2:10:40 AM

ਨਵੀਂ ਦਿੱਲੀ— ਭਾਰਤ ਅਤੇ ਚੀਨ ਦਰਮਿਆਨ ਡੋਕਲਾਮ ਨੂੰ ਲੈ ਕੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਡੋਕਲਾਮ ਵਿਚ ਡਟੀਆਂ ਹੋਈਆਂ ਹਨ। ਇਸ ਦੌਰਾਨ ਚੀਨ 'ਵਾਟਰ ਬੰਬ' ਨਾਲ ਤਬਾਹੀ ਮਚਾ ਸਕਦਾ ਹੈ। ਇਸਦਾ ਖੁਲਾਸਾ ਅੱਜ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਦੇ ਬਿਆਨ ਵਿਚ ਜ਼ਾਹਿਰ ਹੋਇਆ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਸਾਲ ਚੀਨ ਨੇ ਬ੍ਰਹਮਪੁੱਤਰ ਨਦੀ ਵਿਚ ਪਾਣੀ ਦੇ ਪੱਧਰ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਬਰਸਾਤ ਦੇ ਮੌਸਮ 'ਚ ਸਮੇਂ-ਸਮੇਂ 'ਤੇ ਗੁਆਂਢੀ ਦੇਸ਼ਾਂ ਵਲੋਂ ਇਕ-ਦੂਜੇ ਤੋਂ ਨਦੀਆਂ ਵਿਚ ਵਧਦੇ ਪਾਣੀ ਦੇ ਪੱਧਰ ਅਤੇ ਬੰਨ੍ਹਾਂ ਰਾਹੀਂ ਕਿੰਨਾ ਪਾਣੀ ਛੱਡਿਆ ਜਾ ਰਿਹਾ ਹੈ, ਇਸ ਬਾਰੇ ਅੰਕੜੇ ਜਨਤਕ ਕੀਤੇ ਜਾਂਦੇ ਹਨ, ਤਾਂ ਕਿ ਜੇਕਰ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਤਾਂ ਉਸ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਸਕੇ।
ਉੱਤਰੀ ਭਾਰਤ ਪਹਿਲਾਂ ਹੀ ਹੜ੍ਹ ਦੀ ਲਪੇਟ ਵਿਚ ਹੈ। ਬਿਹਾਰ, ਆਸਾਮ, ਪੱਛਮ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਹੜ੍ਹ ਰਾਹੀਂ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਅਜਿਹੇ ਵਿਚ ਜੇਕਰ ਚੀਨ ਬਿਨਾਂ ਦੱਸੇ ਬ੍ਰਹਮਪੁੱਤਰ ਨਦੀ ਵਿਚ ਜ਼ਿਆਦਾ ਪਾਣੀ ਛੱਡੇਗਾ ਤਾਂ ਇਸ ਨਾਲ ਇਨ੍ਹਾਂ ਸੂਬਿਆਂ ਦੇ ਨਾਲ-ਨਾਲ ਦੂਜੇ ਸੂਬਿਆਂ ਵਿਚ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ।
ਚੀਨ ਦੀ ਭੂਗੋਲਿਕ ਸਥਿਤੀ ਦੇਖੀਏ ਤਾਂ ਉਹ ਭਾਰਤ ਤੋਂ ਉੱਚੇ ਸਥਾਨ 'ਤੇ ਹੈ ਤੇ ਚੀਨ ਦੇ ਕੋਲ ਕਈ ਬੰਨ੍ਹ ਹਨ। ਭਾਰਤ ਵਿਚ ਅਜਿਹੀਆਂ ਕਈ ਵੱਡੀਆਂ ਨਦੀਆਂ ਹਨ, ਜੋ ਚੀਨ ਤੋਂ ਨਿਕਲ ਕੇ ਭਾਰਤ ਵਿਚ ਆਉਂਦੀਆਂ ਹਨ, ਜਿਨ੍ਹਾਂ ਵਿਚੋਂ ਬ੍ਰਹਮਪੁੱਤਰ ਨਦੀ ਸਭ ਤੋਂ ਵੱਡੀ ਹੈ ਜੇਕਰ ਚੀਨ ਚਾਹੇ ਤਾਂ ਕੁਝ ਦਿਨਾਂ ਤਕ ਪਾਣੀ ਬੰਨ੍ਹ 'ਤੇ ਰੋਕ ਸਕਦਾ ਹੈ, ਜਿਸ ਨਾਲ ਭਾਰਤ ਵਿਚ ਤਬਾਹੀ ਦੇ ਹਾਲਾਤ ਪੈਦਾ ਹੋ ਸਕਦੇ ਹਨ। ਸਿਰਫ ਬ੍ਰਹਮਪੁੱਤਰ ਨਦੀ ਹੀ ਨਹੀਂ, ਸਗੋਂ ਚੀਨ ਤੋਂ ਸਤਲੁਜ ਨਦੀ ਵੀ ਨਿਕਲਦੀ ਹੈ।
ਸਤਲੁਜ ਨਦੀ ਚੀਨ ਦੇ ਕਬਜ਼ੇ ਵਾਲੇ ਤਿੱਬਤ ਤੋਂ ਨਿਕਲ ਕੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿਚ ਆਉਂਦੀ ਹੈ। ਉਥੇ ਹੀ ਤਿੱਬਤ ਤੋਂ ਨਿਕਲ ਕੇ ਸਿੰਧੂ ਨਦੀ ਲੱਦਾਖ ਤੋਂ ਹੁੰਦੇ ਹੋਏ ਨਿਕਲਦੀ ਹੈ ਅਤੇ ਅਰਬ ਸਾਗਰ ਵਿਚ ਮਿਲਦੀ ਹੈ। ਸਾਫ ਹੈ ਕਿ ਚੀਨ ਦੇ ਕੋਲ ਤਿੰਨ ਅਜਿਹੀਆਂ ਵੱਡੀਆਂ ਨਦੀਆਂ ਹਨ, ਜੋ ਭਾਰਤ ਵਿਚ ਤਬਾਹੀ ਦਾ ਕਾਰਨ ਬਣ ਸਕਦੀਆਂ ਹਨ। 

ਜੰਗ ਹੋਈ ਤਾਂ ਕਈ ਦੇਸ਼ ਦੇਣਗੇ ਭਾਰਤ ਦਾ ਸਾਥ
ਚੀਨ ਦੇ ਨਾਲ ਡੋਕਲਾਮ ਵਿਵਾਦ 'ਤੇ ਭਾਰਤ ਦੇ ਕੂਟਨੀਤਕ ਯਤਨਾਂ ਦਾ ਰੰਗ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਮਸਲੇ 'ਤੇ ਚੀਨ ਕੌਮਾਂਤਰੀ ਬਿਰਾਦਰੀ ਵਿਚ ਘਿਰਦਾ ਦਿਖਾਈ ਦੇ ਰਿਹਾ ਹੈ। ਅਮਰੀਕਾ ਤੋਂ ਬਾਅਦ ਜਾਪਾਨ ਨੇ ਵੀ ਡੋਕਲਾਮ ਵਿਵਾਦ 'ਤੇ ਭਾਰਤ ਦੀ ਹਮਾਇਤ ਕੀਤੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਤੋਂ ਇਲਾਵਾ ਆਸਟ੍ਰੇਲੀਆ ਅਤੇ ਵੀਅਤਨਾਮ ਵੀ ਭਾਰਤ ਦੇ ਨਾਲ ਹਨ।

ਯੂਰਪੀਅਨ ਦੇਸ਼ ਵੀ ਆ ਸਕਦੇ ਹਨ ਨਾਲ
ਯੂਰਪ ਦੇ ਕੁਝ ਤਾਕਤਵਰ ਦੇਸ਼ ਜਿਵੇਂ ਫਰਾਂਸ, ਜਰਮਨੀ ਅਤੇ ਬ੍ਰਿਟੇਨ ਵੀ ਚੀਨ ਦੇ ਮੁੱਦੇ 'ਤੇ ਭਾਰਤ ਦੇ ਨਾਲ ਆ ਸਕਦੇ ਹਨ। ਭਾਰਤ ਦੇ ਇਨ੍ਹਾਂ ਸਾਰੇ ਦੇਸ਼ਾਂ ਨਾਲ ਰਿਸ਼ਤੇ ਕਾਫੀ ਚੰਗੇ ਰਹੇ ਹਨ, ਕਈ ਮੁੱਦਿਆਂ 'ਤੇ ਇਨ੍ਹਾਂ ਦੇਸ਼ਾਂ ਨੇ ਭਾਰਤ ਦਾ ਸਾਥ ਦਿੱਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਇਨ੍ਹਾਂ ਸਾਰੇ ਦੇਸ਼ਾਂ ਨੇ ਭਾਰਤ ਦਾ ਸਥਾਈ ਸੀਟ ਲਈ ਸਾਥ ਦਿੱਤਾ ਹੈ। ਉਥੇ ਹੀ ਚੀਨ ਭਾਰਤ ਦੇ ਖਿਲਾਫ ਰਿਹਾ ਹੈ।