ਬਦਲਿਆ ਲੋਕਾਂ ਦਾ ਨਜ਼ਰੀਆ, ਗੋਦ ਲੈਣ ਵਾਲੇ ਬੱਚਿਆਂ ''ਚ ''ਕੁੜੀਆਂ'' ਅੱਗੇ

05/27/2019 2:27:56 PM

ਨਵੀਂ ਦਿੱਲੀ (ਭਾਸ਼ਾ)— ਦੇਸ਼ ਵਿਚ ਸਾਲ 2018-19 'ਚ 2,398 ਕੁੜੀਆਂ ਸਮੇਤ 4,000 ਤੋਂ ਵੱਧ ਬੱਚਿਆਂ ਨੂੰ ਗੋਦ ਲਿਆ ਗਿਆ। ਗੋਦ ਲਏ ਜਾਣ ਵਾਲੇ ਬੱਚਿਆਂ ਦੀ ਇਹ ਗਿਣਤੀ ਪਿਛਲੇ 5 ਸਾਲ ਵਿਚ ਸਭ ਤੋਂ ਵੱਧ ਹੈ। ਸੈਂਟਰਲ ਅਡਪਸ਼ਨ (ਗੋਦ ਲੈਣਾ) ਰਿਸੋਰਸ ਅਥਾਰਿਟੀ (ਕਾਰਾ) ਵਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2018-19 ਵਿਚ ਕੁੱਲ 4,027 ਬੱਚਿਆਂ ਨੂੰ ਗੋਦ ਲਿਆ ਗਿਆ, ਜਿਸ 'ਚੋਂ ਕਰੀਬ 3,374 ਬੱਚੇ ਦੇਸ਼ ਵਿਚ ਅਤੇ 653 ਬੱਚੇ ਦੇਸ਼ ਤੋਂ ਬਾਹਰ ਗੋਦ ਲਏ ਗਏ। ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2017-18 ਵਿਚ 3,927 ਬੱਚੇ, 2016-17 'ਚ ਕੁੱਲ 3,788 ਬੱਚੇ ਅਤੇ 2015-16 'ਚ 3,677 ਬੱਚੇ ਗੋਦ ਲਏ ਗਏ ਸਨ। 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਦਾ ਕੁੜੀਆਂ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ ਅਤੇ ਇਹ ਗੱਲ ਇਸ ਤੱਥ ਤੋਂ ਸਾਫ ਸਾਬਤ ਹੁੰਦੀ ਹੈ ਕਿ ਹਰ ਸਾਲ ਮੁੰਡਿਆਂ ਦੀ ਤੁਲਨਾ ਵਿਚ ਕੁੜੀਆਂ ਵੱਧ ਗੋਦ ਲਈਆਂ ਜਾ ਰਹੀਆਂ ਹਨ। ਅੰਕੜਿਆਂ ਮੁਤਾਬਕ ਸਭ ਤੋਂ ਵੱਧ ਬੱਚੇ ਮਹਾਰਾਸ਼ਟਰ ਤੋਂ ਗੋਦ ਲਏ ਗਏ। ਮਹਾਰਾਸ਼ਟਰ ਤੋਂ 845 ਬੱਚੇ ਗੋਦ ਲਏ ਗਏ, ਜਿਸ ਵਿਚ 477 ਕੁੜੀਆਂ ਹਨ।

ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਵਿਚ ਸਭ ਤੋਂ ਵੱਧ ਗਿਣਤੀ ਵਿਚ ਬੱਚੇ ਗੋਦ ਲਏ ਗਏ, ਕਿਉਂਕਿ ਉੱਥੇ ਗੋਦ ਲੈਣ ਵਾਲੀਆਂ ਏਜੰਸੀਆਂ ਦੀ ਗਿਣਤੀ ਸਭ ਤੋਂ ਵੱਧ ਹਨ। ਮਹਾਰਾਸ਼ਟਰ ਤੋਂ ਬਾਅਦ ਕਰਨਾਟਕ ਦਾ ਨੰਬਰ ਹੈ, ਜਿੱਥੇ 281 ਬੱਚੇ ਗੋਦ ਲਏ ਗਏ। ਇਸ ਤੋਂ ਬਾਅਦ ਓਡੀਸ਼ਾ ਤੋਂ 244 ਅਤੇ ਮੱਧ ਪ੍ਰਦੇਸ਼ ਤੋਂ 239 ਬੱਚਿਆਂ ਨੂੰ ਗੋਦ ਲਿਆ ਗਿਆ। ਜੇਕਰ ਗੱਲ ਹਰਿਆਣਾ ਦੀ ਕੀਤੀ ਜਾਵੇ ਤਾਂ ਇੱਥੇ ਵੀ ਮੁੰਡਿਆਂ ਦੀ ਤੁਲਨਾ ਵਿਚ ਕੁੜੀਆਂ ਨੂੰ ਵੱਧ ਗਿਣਤੀ ਵਿਚ ਗੋਦ ਲਿਆ ਗਿਆ। ਹਰਿਆਣਾ ਵਿਚ ਗੋਦ ਲਏ ਗਏ 72 ਬੱਚਿਆਂ 'ਚ ਕੁੱਲ 45 ਕੁੜੀਆਂ ਹਨ। ਅੰਕੜਿਆਂ ਮੁਤਾਬਕ ਦਿੱਲੀ ਵਿਚ ਗੋਦ ਲਏ ਗਏ 153 ਬੱਚਿਆਂ 'ਚੋਂ 103 ਕੁੜੀਆਂ ਹਨ।

Tanu

This news is Content Editor Tanu