10 ਸਾਲ ਦੀ ਬੱਚੀ ਦਾ 35 ਸਾਲ ਦੇ ਸ਼ਖਸ ਨਾਲ ਕਰਵਾਇਆ ਵਿਆਹ

10/16/2019 4:54:45 PM

ਅਹਿਮਦਾਬਾਦ— ਗੁਜਰਾਤ 'ਚ ਇਕ 10 ਸਾਲਾ ਆਦਿਵਾਸੀ ਬੱਚੀ ਦਾ 35 ਸਾਲਾ ਇਕ ਸ਼ਖਸ ਨਾਲ ਵਿਆਹ ਕਰਵਾ ਦਿੱਤਾ ਗਿਆ। 10 ਸਾਲ ਦੀ ਬੱਚੀ ਗੁਜਰਾਤ ਦੇ ਬਨਾਸਕਾਂਠਾ ਦੀ ਰਹਿਣ ਵਾਲੀ ਹੈ, ਜਦੋਂ ਕਿ 35 ਸਾਲ ਦਾ ਸ਼ਖਸ ਅਸਰਵ ਦਾ ਰਹਿਣ ਵਾਲਾ ਹੈ। ਬੱਚੀ ਦੇ ਮਾਤਾ-ਪਿਤਾ ਨਾਲ ਮਿਲ ਕੇ ਦਲਾਲ ਨੇ 50 ਹਜ਼ਾਰ ਰੁਪਏ 'ਚ ਬੱਚੀ ਨੂੰ ਵੇਚ ਦਿੱਤਾ। ਇਸ ਤੋਂ ਵੀ ਵਧ ਦੁਖਦ ਇਹ ਹੈ ਕਿ ਬੱਚੀ ਦਾ ਪਤੀ ਉਸ ਦੇ ਪਿਤਾ ਤੋਂ ਸਿਰਫ਼ ਇਕ ਸਾਲ ਛੋਟਾ ਹੈ। ਮਹਿਲਾ ਕ੍ਰਾਈਮ ਬਰਾਂਚ ਦੀ ਏ.ਸੀ.ਪੀ. ਕੇ.ਐੱਮ. ਜੋਸੇਫ ਨੇ ਕਿਹਾ ਕਿ ਬੱਚੀ ਨੂੰ ਕੁਬੇਰਨਗਰ ਇਲਾਕੇ ਸਥਿਤ ਉਸ ਦੀ ਨਨਾਣ ਦੇ ਘਰੋਂ ਛੁਡਾ ਲਿਆ ਗਿਆ। ਉਨ੍ਹਾਂ ਨੇ ਦੱਸਿਆ,''ਬੱਚੀ ਨੂੰ ਮਹਿਲਾ ਸੁਰੱਖਿਆ ਗ੍ਰਹਿ 'ਚ ਭੇਜ ਦਿੱਤਾ ਗਿਆ ਹੈ, ਜਿੱਥੇ ਸਮਾਜਿਕ-ਕਾਨੂੰਨੀ ਮਾਮਲੇ ਤੋਂ ਛੁਡਾਈਆਂ ਗਈਆਂ ਬੱਚੀਆਂ ਰਹਿੰਦੀਆਂ ਹਨ।'' ਸੋਸ਼ਲ ਜਸਟਿਸ ਵਿਭਾਗ ਦੇ ਪ੍ਰੋਟੈਕਸ਼ਨ ਅਧਿਕਾਰੀ ਨੇ ਬਨਾਸਕਾਂਠਾ ਦੇ ਹਦਦ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਬੱਚੀ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਮਲੇ 'ਚ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਹੈ।

ਵੀਡੀਓ 'ਚ 35 ਸਾਲ ਦਾ ਇਕ ਸ਼ਖਸ ਜਿਸ ਦੀ ਪਛਾਣ ਗੋਵਿੰਦ ਠਾਕੋਰ ਦੇ ਰੂਪ 'ਚ ਹੋਈ ਹੈ, ਉਹ ਬੱਚੀ ਦੀ ਮਾਂਗ 'ਚ ਸਿੰਦੂਰ ਭਰਦਾ ਦੇਖਿਆ ਜਾ ਰਿਹਾ ਹੈ। ਵੀਡੀਓ ਦੀ ਜਾਂਚ ਕਰਦੇ ਹੋਏ ਸੋਸ਼ਲ ਜਸਟਿਸ ਅਫ਼ਸਰ ਬਨਾਸਕਾਂਠਾ ਦੇ ਖੇਰਮਲ ਪਿੰਡ ਪਹੁੰਚੇ। ਇੱਥੇ ਬੱਚੀ ਦੇ ਪਿਤਾ ਨੇ ਉਸ ਨੂੰ ਪਛਾਣ ਲਿਆ ਅਤੇ ਵਿਆਹ ਕਰਵਾਉਣ ਦੀ ਗੱਲ ਸਵੀਕਾਰ ਕੀਤੀ। 2 ਮਹੀਨੇ ਪਹਿਲਾਂ ਬੱਚੀ ਨੂੰ ਇਕ ਮੇਲੇ 'ਚ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਇਕ ਦਲਾਲ ਨੇ ਠਾਕੋਰ ਨਾਲ ਮਿਲਵਾਇਆ। ਠਾਕੋਰ ਨੇ 50 ਹਜ਼ਾਰ 'ਚ ਬੱਚੀ ਨੂੰ ਖਰੀਦ ਲਿਆ ਅਤੇ ਅਗਸਤ 'ਚ ਉਸ ਨਾਲ ਵਿਆਹ ਕਰ ਲਿਆ। ਐੱਫ.ਆਈ.ਆਰ. 'ਚ ਇਹ ਵੀ ਕਿਹਾ ਗਿਆ ਹੈ ਕਿ ਵਿਆਹ ਤੋਂ ਬਾਅਦ ਬੱਚੀ ਦੇ ਪਿਤਾ ਨੇ ਉਸ ਨੂੰ ਘਰ ਲਿਆਉਣ ਦੀ ਗੱਲ ਕਹੀ ਪਰ ਠਾਕੋਰ ਨੇ ਭੇਜਣ ਤੋਂ ਇਨਕਾਰ ਕਰ ਦਿੱਤਾ। ਹਦਦ ਪੁਲਸ ਨੇ ਬੱਚੀ ਦੇ ਪਿਤਾ, ਪਤੀ ਅਤੇ ਏਜੰਟ (ਦਲਾਲ) ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


DIsha

Content Editor

Related News