ਮੁੱਖ ਸਕੱਤਰ ਮਾਮਲਾ: ਜਦੋਂ ਤੱਕ ਕੇਜਰੀਵਾਲ ਮੁਆਫ਼ੀ ਨਹੀਂ ਮੰਗਦੇ, ਕੋਈ ਬੈਠਕ ਨਹੀਂ ਹੋਵੇਗੀ

02/22/2018 12:30:41 PM

ਨਵੀਂ ਦਿੱਲੀ— ਮੁੱਖ ਸਕੱਤਰ ਨਾਲ ਹੋਈ ਘਟਨਾ ਤੋਂ ਦੁਖੀ ਅਧਿਕਾਰੀਆਂ ਨੇ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ। ਦਿੱਲੀ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਪੀ.ਕੇ. ਤ੍ਰਿਪਾਠੀ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਨੌਕਰਸ਼ਾਹ ਸਿਰਫ ਫਾਈਲ ਟੂ ਫਾਈਲ ਹੀ ਜਵਾਬ ਦੇਣਗੇ। ਅਧਿਕਾਰੀ ਕਿਸੇ ਸਿਆਸੀ ਨੇਤਾ ਦਾ ਫੋਨ ਨਹੀਂ ਚੁੱਕਣਗੇ ਅਤੇ ਨਾ ਹੀ ਕਿਸੇ ਬੈਠਕ 'ਚ ਸ਼ਾਮਲ ਹੋਣਗੇ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਮੁੱਖ ਮੰਤਰੀ ਦੇ ਘਰ ਮੁੱਖ ਸਕੱਤਰ ਨਾਲ ਇਸ ਤਰ੍ਹਾਂ ਦੀ ਘਟਨਾ ਇਤਿਹਾਸ 'ਚ ਕਦੇ ਨਹੀਂ ਹੋਈ।
ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਉਂਕਿ ਇਹ ਘਟਨਾ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਹੈ, ਅਜਿਹੇ 'ਚ ਇਹ ਮਾਮੂਲੀ ਨਹੀਂ ਸਗੋਂ ਬਹੁਤ ਵੱਡਾ ਮਾਮਲਾ ਹੈ। ਆਈ.ਏ.ਐੱਸ. ਐਸੋਸੀਏਸ਼ਨ ਦੀ ਸਕੱਤਰ ਮਨੀਸ਼ਾ ਸਕਸੈਨਾ ਨੇ ਕਿਹਾ ਕਿ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸਗੋਂ ਇਕ ਸੰਵਿਧਾਨਕ ਮਰਿਆਦਾ ਬਚਾਉਣ ਦੀ ਲੜਾਈ ਹੈ। ਇਸ ਵਾਰ ਅਸੀਂ ਕਿਸੇ ਵੀ ਕੀਮਤ 'ਤੇ ਨਹੀਂ ਝੁਕਾਂਗੇ। ਲੋੜ ਪਈ ਤਾਂ ਅਸੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਚੌਖਟ 'ਤੇ ਵੀ ਜਾਵਾਂਗੇ।