ਜੋ 70 ਸਾਲਾਂ ''ਚ ਨਹੀਂ ਹੋਇਆ, 3 ਸਾਲਾਂ ''ਚ ਹੋ ਗਿਐ : ਕੇਜਰੀਵਾਲ

02/15/2018 10:03:19 AM

ਨਵੀਂ ਦਿੱਲੀ— ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਦੇ 3 ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ 'ਤੇ ਮੁੱਖ ਮੰਤਰੀ ਕੇਜਰੀਵਾਲ ਨੇ ਬੁੱਧਵਾਰ ਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਸਿਹਤ ਦੇ ਖੇਤਰ 'ਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ ਕੇਜਰੀਵਾਲ ਸਰਕਾਰ ਨੇ ਦਾਅਵਾ ਕੀਤਾ ਕਿ ਦਿੱਲੀ ਵਿਚ ਜੋ 70 ਸਾਲਾਂ 'ਚ ਕੰਮ ਹੋਏ, ਉਨ੍ਹਾਂ ਦੀ ਸਰਕਾਰ ਨੇ ਸਿਰਫ 3 ਸਾਲਾਂ ਵਿਚ ਕਰ ਦਿਖਾਏ। ਉਨ੍ਹਾਂ ਨੇ ਸਿਹਤ ਦੇ ਇਲਾਵਾ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਵਿਚ ਸੁਧਾਰ, ਸਸਤੀ ਬਿਜਲੀ ਅਤੇ ਕਿਸਾਨਾਂ ਲਈ ਵਧੇ ਹੋਏ ਮੁਆਵਜ਼ੇ ਦਾ ਖਾਸ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ 146 ਮੁਹੱਲਾ ਕਲੀਨਿਕ ਬਣ ਕੇ ਤਿਆਰ ਹੋ ਚੁੱਕੇ ਹਨ ਜਦਕਿ 786 ਹੋਰ ਕਲੀਨਿਕ ਤਿਆਰ ਹੋ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਥੇ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਮੁਫਤ ਇਲਾਜ, ਦਵਾਈਆਂ, ਜਾਂਚ ਅਤੇ ਸਰਜਰੀ ਦੀ ਸਹੂਲਤ ਮੁਹੱਈਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਿੱਲੀ ਦੀਆਂ 67 ਪ੍ਰਾਈਵੇਟ ਲੈਬਾਂ ਵਿਚ ਜਾਂਚ ਦੀ ਸਹੂਲਤ ਦਿੱਤੀ ਹੋਈ ਹੈ। ਇਸ ਦਾ ਪੂਰਾ ਖਰਚਾ ਸਰਕਾਰ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਸੜਕ ਹਾਦਸਿਆਂ 'ਚ ਜ਼ਖਮੀ ਲੋਕਾਂ ਦੇ ਮੁਫਤ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਹੈ।
ਕੇਜਰੀਵਾਲ ਨੇ ਕਿਹਾ ਕਿ 3 ਸਾਲ ਪਹਿਲਾਂ ਦਿੱਲੀ ਦੇ ਲੋਕਾਂ ਨੇ ਇਕ ਈਮਾਨਦਾਰ ਸਰਕਾਰ ਬਣਾਈ ਸੀ। ਹੁਣ ਇਕ-ਇਕ ਪੈਸਾ ਜਨਤਾ ਲਈ ਲੋੜੀਂਦੇ ਵਿਕਾਸ 'ਤੇ ਖਰਚ ਹੋ ਰਿਹਾ ਹੈ। ਬਿਜਲੀ, ਪਾਣੀ, ਸਕੂਲ, ਮੁਹੱਲਾ ਕਲੀਨਿਕ, ਸੜਕਾਂ, ਫਲਾਈਓਵਰ ਆਦਿ 'ਤੇ ਖਰਚ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪਿਛਲੇ 3 ਸਾਲ 'ਚ ਬਿਜਲੀ ਦੇ ਬਿੱਲਾਂ 'ਚ 1 ਪੈਸੇ ਤਕ ਦਾ ਵੀ ਵਾਧਾ ਨਹੀਂ ਹੋਇਆ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਬਿਜਲੀ ਦੇ ਬਿੱਲ ਨੂੰ ਅੱਧਾ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਵਿਚ 20 ਨਵੇਂ ਸਕੂਲ ਅਤੇ 90 ਨਵੇਂ ਰੈਣ-ਬਸੇਰੇ ਬਣਾਏ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੇ ਮਗਰੋਂ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਭ ਤੋਂ ਜ਼ਿਆਦਾ ਮੁਆਵਜ਼ਾ ਵੀ ਦਿੱਲੀ ਦੀ 'ਆਪ' ਸਰਕਾਰ ਨੇ ਦਿੱਤਾ।