20 ਸਾਲਾਂ ’ਚ 10 ਹਜ਼ਾਰ ਨਕਸਲੀ ਵਾਰਦਾਤਾਂ, 2021 ’ਚ ਵੱਡੀਆਂ ਵਾਰਦਾਤਾਂ ਦੀ ਧਮਕੀ

04/05/2021 10:30:29 AM

ਛੱਤੀਸਗੜ੍ਹ- ਛੱਤੀਸਗੜ੍ਹ ਦੇ ਨਕਸਲ ਪੀੜਤ ਬੀਜਾਪੁਰ ਅਤੇ ਸੁਕਮਾ ਜ਼ਿਲਿਆਂ ਦੀ ਹੱਦ ’ਤੇ ਸ਼ਨੀਵਾਰ ਹੋਏ ਮੁਕਾਬਲੇ ਦੌਰਾਨ 22 ਜਵਾਨ ਸ਼ਹੀਦ ਹੋ ਗਏ। ਛੱਤੀਸਗੜ੍ਹ ’ਚ ਨਕਸਲੀਆਂ ਦੀ ਦਹਿਸ਼ਤ ਕਾਇਮ ਰਹੀ ਹੈ। ਵਿਚ-ਵਿਚ ਪੁਲਸ ਦੀ ਸਖ਼ਤੀ ਤੋਂ ਬਾਅਦ ਕਮੀ ਜ਼ਰੂਰ ਆਈ ਸੀ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2001-2018 ਦੇ ਦਰਮਿਆਨ ਛੱਤੀਸਗੜ੍ਹ ’ਚ ਨਕਸਲੀਆਂ ਨੇ 9 ਹਜ਼ਾਰ 96 ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ ਨਕਸਲੀਆਂ ਨੇ 6 ਅਪ੍ਰੈਲ 2010 ਨੂੰ ਦੰਤੇਵਾੜਾ ’ਚ ਸਭ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ’ਚ 76 ਜਵਾਨ ਸ਼ਹੀਦ ਹੋਏ ਸਨ। 

ਇਹ ਵੀ ਪੜ੍ਹੋ : ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ

ਨਕਸਲੀਆਂ ਦੇ ਵੱਡੇ ਹਮਲੇ
ਉਸ ਤੋਂ ਬਾਅਦ 25 ਮਈ 2013 ਨੂੰ ਦਰਭਾ ਦੇ ਜੀਰਮਘਾਟੀ ’ਚ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ’ਚ ਕਾਂਗਰਸ ਦੇ ਆਲ੍ਹਾ ਨੇਤਾਵਾਂ ਸਮੇਤ 29 ਲੋਕਾਂ ਦੀ ਮੌਤ ਹੋਈ ਸੀ। ਸਰਕਾਰੀ ਅੰਕੜਿਆਂ ਅਨੁਸਾਰ ਛੱਤੀਸਗੜ੍ਹ ’ਚ 2019 ਦੇ ਮੁਕਾਬਲੇ 2020 ’ਚ ਨਕਸਲੀ ਘਟਨਾਵਾਂ ਵਧੀਆਂ ਸਨ। ਕੇਂਦਰ ਸਰਕਾਰ ਨੇ ਲੋਕ ਸਭਾ ’ਚ ਕਿਹਾ ਸੀ ਕਿ 2018 ਤੋਂ 2020 ਦੇ ਦਰਮਿਆਨ ਛੱਤੀਸਗੜ੍ਹ ’ਚ 970 ਨਕਸਲੀ ਘਟਨਾਵਾਂ ਹੋਈਆਂ ਹਨ। ਇਨ੍ਹਾਂ ’ਚ ਸੁਰੱਖਿਆ ਬਲਾਂ ਦੇ 113 ਜਵਾਨ ਸ਼ਹੀਦ ਹੋਏ। ਨਕਸਲੀਆਂ ਨੇ ਦਸੰਬਰ 2020 ’ਚ ਇਕ ਚਿਤਾਵਨੀ ਜਾਰੀ ਕਰ ਕੇ ਕਿਹਾ ਸੀ ਕਿ 2021 ’ਚ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਵਾਂਗੇ।

ਇਹ ਵੀ ਪੜ੍ਹੋ : ਛੱਤੀਸਗੜ੍ਹ ਨਕਸਲੀ ਹਮਲੇ ਦਾ ਉੱਚਿਤ ਸਮੇਂ ’ਤੇ ਦਿੱਤਾ ਜਾਵੇਗਾ ਜਵਾਬ: ਸ਼ਾਹ

ਬੱਸ ਉਡਾਉਣ ਤੋਂ ਬਾਅਦ ਪੁਲਸੀਆ ਕਾਰਵਾਈ ਨਾਲ ਬੌਖਲਾ ਗਏ ਨਕਸਲੀ
12 ਦਿਨਾਂ ਦੇ ਅੰਦਰ ਨਕਸਲੀਆਂ ਨੇ ਦੂਜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ। 23 ਮਾਰਚ ਨੂੰ ਨਾਰਾਇਣਪੁਰ ’ਚ ਆਈ. ਈ. ਡੀ. ਨਾਲ ਨਕਸਲੀਆਂ ਨੇ ਜਵਾਨਾਂ ਦੀ ਬੱਸ ਉਡਾ ਦਿੱਤੀ ਸੀ। ਇਸ ’ਚ 5 ਜਵਾਨ ਸ਼ਹੀਦ ਹੋ ਗਏ ਸਨ, ਨਾਲ ਹੀ 10 ਜਵਾਨ ਜ਼ਖਮੀ ਹੋਏ ਸਨ। ਉਸ ਤੋਂ ਬਾਅਦ ਨਕਸਲ ਪ੍ਰਭਾਵਿਤ ਇਲਾਕਿਆਂ ’ਚ ਸਰਚ ਆਪ੍ਰੇਸ਼ਨ ਤੇਜ਼ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਗੜਚਿਰੌਲੀ ’ਚ ਹੋਏ ਮੁਕਾਬਲੇ ’ਚ ਵੀ ਕੁਝ ਨਕਸਲੀ ਮਾਰੇ ਗਏ ਸਨ। ਨਕਸਲੀ ਪੁਲਸੀਆ ਕਾਰਵਾਈ ਤੇਜ਼ ਹੋਣ ਨਾਲ ਬੌਖਲਾ ਗਏ ਸਨ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ ਵਿਗੜਦੇ ਹਾਲਾਤ, ਪੀ. ਐੱਮ. ਮੋਦੀ ਨੇ ਬੁਲਾਈ ਉੱਚ ਪੱਧਰੀ ਮੀਟਿੰਗ

DIsha

This news is Content Editor DIsha