ਛੱਤੀਸਗੜ੍ਹ : 17 ਵਿਧਾਇਕਾਂ ਖ਼ਿਲਾਫ ਅਪਰਾਧਿਕ ਮਾਮਲੇ

12/07/2023 6:20:09 PM

ਰਾਏਪੁਰ, (ਭਾਸ਼ਾ)- ਛੱਤੀਸਗੜ੍ਹ ਦੀ ਨਵੀਂ ਚੁਣੀ ਵਿਧਾਨ ਸਭਾ ਦੇ 90 ਵਿਧਾਇਕਾਂ ਵਿਚੋਂ 17 ਨੇ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਐਲਾਨ ਕੀਤੇ ਹਨ ਜਿਨ੍ਹਾਂ ਵਿਚੋਂ 6 ਦੇ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਛੱਤੀਸਗੜ੍ਹ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) 54 ਸੀਟਾਂ ਜਿੱਤ ਕੇ ਸਰਕਾਰ ਬਣਾ ਰਹੀ ਹੈ।

ਸੂਬੇ ’ਚ 2018 ਵਿਚ 68 ਸੀਟਾਂ ਜਿੱਤਣ ਵਾਲੀ ਕਾਂਗਰਸ 35 ਸੀਟਾਂ ’ਤੇ ਸਿਮਟ ਕੇ ਰਹਿ ਗਈ ਹੈ ਅਤੇ ਗੋਂਡਵਾਨਾ ਗਣਤੰਤਰ ਪਾਰਟੀ (ਜੀ. ਜੀ. ਪੀਯ) ਪਹਿਲੀ ਵਾਰ ਇਕ ਸੀਟ ਜਿੱਤਣ ਵਿਚ ਕਾਮਯਾਬ ਰਹੀ ਹੈ। ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਅਗਵਾਈ ਵਾਲੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਇਸ ਵਾਰ ਆਪਣਾ ਖਾਤਾ ਖੋਲ੍ਹਣ ਵਿਚ ਅਸਫਲ ਰਹੀਆਂ।

ਛੱਤੀਸਗੜ੍ਹ ‘ਇਲੈਕਸ਼ਨ ਵਾਚ’ ਅਤੇ ‘ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼’ (ਏ. ਡੀ ਆਰ.) ਵੱਲੋਂ ਜਾਰੀ ਰਿਪੋਰਟ ਮੁਤਾਬਕ 90 ਨਵੇਂ ਚੁਣੇ ਗਏ ਵਿਧਾਇਕਾਂ ਵਿਚੋਂ 17 (19 ਫੀਸਦੀ) ਨੇ ਆਪਣੇ ਚੋਣ ਹਲਫ਼ਨਾਮਿਆਂ ਵਿਚ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਸੀ। ਭਾਜਪਾ ਦੇ 54 ਵਿਧਾਇਕਾਂ ’ਚੋਂ 12 (22 ਫੀਸਦੀ) ਖਿਲਾਫ ਅਪਰਾਧਿਕ ਮਾਮਲੇ ਦਰਜ ਹਨ ਅਤੇ ਕਾਂਗਰਸ ਦੇ 35 ਵਿਧਾਇਕਾਂ ’ਚੋਂ 5 (14 ਫੀਸਦੀ) ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਸੇ ਤਰ੍ਹਾਂ ਭਾਜਪਾ ਦੇ ਚਾਰ (ਸੱਤ ਫੀਸਦੀ) ਵਿਧਾਇਕਾਂ ਅਤੇ ਦੋ (6 ਫੀਸਦੀ) ਕਾਂਗਰਸੀ ਵਿਧਾਇਕਾਂ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।

Rakesh

This news is Content Editor Rakesh