ਸਾਬਕਾ ਪੀ. ਐੱਮ. ਚੌਧਰੀ ਚਰਨ ਸਿੰਘ ਦੀ ਜਯੰਤੀ ਅੱਜ, ਮੋਦੀ ਨੇ ਕੀਤਾ ਯਾਦ

12/23/2019 1:05:31 PM

ਨਵੀਂ ਦਿੱਲੀ— ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਹਿੱਤ ਲਈ ਆਵਾਜ਼ ਬੁਲੰਦ ਕਰਨ ਵਾਲੇ ਨੇਤਾ ਚੌਧਰੀ ਚਰਨ ਸਿੰਘ ਦੀ ਅੱਜ 118ਵੀਂ ਜਯੰਤੀ ਹੈ। ਉਨ੍ਹਾਂ ਦਾ ਜਨਮ 23 ਦਸੰਬਰ 1902 'ਚ ਹੋਇਆ ਸੀ। ਚਰਨ ਸਿੰਘ ਬਤੌਰ ਪ੍ਰਧਾਨ ਮੰਤਰੀ 28 ਜੁਲਾਈ, 1979 ਤੋਂ 14 ਜਨਵਰੀ, 1980 ਤਕ ਰਹੇ। ਚੌਧਰੀ ਚਰਨ ਸਿੰਘ ਉਹ ਨੇਤਾ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ 'ਚ ਵੀ ਭਾਰਤ ਦੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਾਉਣ ਦਾ ਦਮ ਰੱਖਿਆ ਸੀ। ਇਸੇ ਵਜ੍ਹਾ ਤੋਂ ਉਨ੍ਹਾਂ ਨੂੰ 'ਕਿਸਾਨਾਂ ਦਾ ਮਸੀਹਾ' ਕਿਹਾ ਜਾਂਦਾ ਹੈ। ਉਹ ਪਹਿਲੇ ਅਜਿਹੇ ਨੇਤਾ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਤੋਂ ਕਰਜ਼ ਮੁਆਫ਼ੀ ਕਰਵਾਈ ਸੀ। 85 ਸਾਲ ਦੀ ਉਮਰ ਵਿਚ ਕਿਸਾਨਾਂ ਦੇ ਮਸੀਹਾ ਚੌਧਰੀ ਚਰਨ ਸਿੰਘ ਨੇ ਇਸ ਦੁਨੀਆ ਨੂੰ 29 ਮਈ 1987 ਨੂੰ ਅਲਵਿਦਾ ਆਖ ਦਿੱਤਾ। ਇਤਿਹਾਸ ਵਿਚ ਉਨ੍ਹਾਂ ਦਾ ਨਾਮ ਪ੍ਰਧਾਨ ਮੰਤਰੀ ਤੋਂ ਜ਼ਿਆਦਾ ਇਕ ਕਿਸਾਨ ਨੇਤਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ।



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਿਸਾਨਾਂ ਦੇ ਮਜ਼ਬੂਤੀਕਰਨ ਲਈ ਕੰਮ ਕਰਨ 'ਚ ਚਰਨ ਸਿੰਘ ਦੀ ਸ਼ਲਾਘਾ ਕੀਤੀ। ਮੋਦੀ ਨੇ ਸਵ. ਚਰਨ ਸਿੰਘ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ, ''ਚੌਧਰੀ ਚਰਨ ਸਿੰਘ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਯਾਦ ਕਰਦਾ ਹਾਂ। ਜਦੋਂ ਵੀ ਮਿਹਨਤੀ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਗੱਲ ਆਈ, ਤਾਂ ਚਰਨ ਸਿੰਘ ਜੀ ਨੇ ਹਾਸ਼ੀਏ 'ਤੇ ਰਹਿਣ ਵਾਲੇ ਕਿਸਾਨਾਂ ਦੇ ਮਜ਼ਬੂਤੀਕਰਨ ਲਈ ਅਣਥਕ ਕੋਸ਼ਿਸ਼ ਕੀਤੀ। ਉਹ ਭਾਰਤ ਦੇ ਲੋਕਤੰਤਰੀ ਤਾਨੇ-ਬਾਨੇ ਨੂੰ ਮਜ਼ਬੂਤ ਕਰਨ 'ਚ ਸਭ ਤੋਂ ਅੱਗੇ ਸਨ।''

Tanu

This news is Content Editor Tanu