ਰੋਜ਼ਾਨਾ 125 ਰੁਪਏ ਤੋਂ ਘੱਟ ਕਮਾਉਂਦੇ ਹਨ ਚਮਕੀ ਬੁਖਾਰ ਨਾਲ ਪੀੜਤ ਬੱਚਿਆਂ ਦੇ ਮਾਂ-ਬਾਪ

06/25/2019 10:11:45 AM

ਪਟਨਾ—  ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਦੀ ਆਮਦਨ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਬਿਹਾਰ ਸਰਕਾਰ ਵੱਲੋਂ ਮਿਲੇ ਹੁਕਮਾਂ ਤੋਂ ਬਾਅਦ ਸਿਹਤ ਵਿਭਾਗ ਨੇ ਇਕ ਸਰਵੇ ਕਰਵਾਇਆ। ਸਿਹਤ ਵਿਭਾਗ ਵੱਲੋਂ ਜਾਰੀ ਸੋਸ਼ੀਓ ਇਕੋਨਾਮਿਕ ਸਰਵੇ ਦੀ ਮੁੱਢਲੀ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜ਼ਿਆਦਾਤਰ ਬੱਚਿਆਂ ਦੇ ਪਰਿਵਾਰ ਗਰੀਬੀ ਰੇਖਾ (ਬੀ. ਪੀ. ਐੱਲ.) ਤੋਂ ਹੇਠਾਂ ਹੈ। ਟਾਈਮਜ਼ ਆਫ ਇੰਡੀਆ ਮੁਤਾਬਕ ਅਜੇ ਤੱਕ ਵਿਭਾਗ 287 ਪਰਿਵਾਰਾਂ ਨੂੰ ਮਿਲਿਆ ਹੈ, ਜਿਸ 'ਚ ਇਹ ਖੁਲਾਸਾ ਹੋਇਆ ਹੈ ਕਿ ਮਰਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਕਾਫੀ ਗਰੀਬ ਹਨ। ਇਨ੍ਹਾਂ ਦੇ ਪਰਿਵਾਰਾਂ ਦੀ ਮਾਸਕ ਆਮਦਨ ਲਗਭਗ 4,465 ਰੁਪਏ ਹੈ, ਸਰਵੇ ਦੇ ਮੁਤਾਬਕ ਕਈ ਪਰਿਵਾਰਾਂ ਦੀ ਸਾਲਾਨਾ ਆਮਦਨੀ 10 ਹਜ਼ਾਰ ਰੁਪਏ ਹੈ।

ਇਕ ਖਾਸ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦੇ ਕਈ ਪਰਿਵਾਰਾਂ ਦੀ ਰੋਜ਼ਾਨਾ ਦੀ ਆਮਦਨ 125 ਰੁਪਏ ਹੈ। ਸਰਵੇ 'ਚ ਇਕ ਹੋਰ ਗੱਲ ਦਾ ਖੁਲਾਸਾ ਹੋਇਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪੀੜਤ ਪਰਿਵਾਰਾਂ 'ਚੋਂ ਲਗਭਗ 22 ਫੀਸਦੀ ਪਰਿਵਾਰਾਂ 'ਚ 6-9 ਮੈਂਬਰ ਹਨ। ਪੀੜਤ 235 ਮਰੀਜ਼ਾਂ ਦੇ ਪਰਿਵਾਰ ਮਜ਼ਦੂਰੀ ਕਰ ਕੇ ਆਪਣਾ ਪਾਲਣ ਪੋਸ਼ਣ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਬੀਮਾਰੀ ਨਾਲ ਜਾਨ ਗੁਆਉਣ ਵਾਲੇ ਬੱਚਿਆਂ ਸਬੰਧੀ ਕਈ ਡਾਕਟਰ ਕਹਿ ਚੁੱਕੇ ਹਨ ਕਿ ਇਸ ਦਾ ਇਕ ਵੱਡਾ ਕਾਰਨ ਕੁਪੋਸ਼ਣ ਵੀ ਹੈ।

ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁਜ਼ੱਫਰਪੁਰ 'ਚ ਹੁਣ ਤੱਕ ਚਮਕੀ ਬੁਖਾਰ ਨਾਲ 130 ਤੋਂ ਵਧ ਬੱਚਿਆਂ ਦੀ ਮੌਤ ਹੋ ਚੁਕੀ ਹੈ। ਜ਼ਿਆਦਾਤਰ ਬੱਚੇ ਬੇਹੱਦ ਗਰੀਬ ਪਰਿਵਾਰ ਨਾਲ ਤਾਲੁਕ ਰੱਖਦੇ ਹਨ। ਬੱਚਿਆਂ ਦੀ ਮੌਤ ਕਾਰਨ ਬਿਹਾਰ 'ਚ ਨਿਤੀਸ਼ ਸਰਕਾਰ 'ਤੇ ਵਿਰੋਧ ਦਲ ਨਿਸ਼ਾਨਾ ਸਾਧ ਰਹੇ ਹਨ। ਬਿਹਾਰ ਸਰਕਾਰ ਦਾ ਕਹਿਣਾ ਹੈ ਕਿ ਇਸ ਲਈ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ।

DIsha

This news is Content Editor DIsha