CBSE ਨੇ ਪਾਠਕ੍ਰਮ ''ਚ ਕੀਤੀ ਤਬਦੀਲੀ, ਇਸਲਾਮੀ ਸਾਮਰਾਜ ਅਤੇ ਫੈਜ਼ ਦੀਆਂ ਕਵਿਤਾਵਾਂ ਕੀਤੀਆਂ ਬਾਹਰ

04/24/2022 5:42:12 PM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਜਮਾਤ 11 ਅਤੇ 12 ਦੇ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਪਾਠਕ੍ਰਮ ਤੋਂ ਗੈਰ-ਗਠਬੰਧਨ ਅੰਦੋਲਨ, ਸ਼ੀਤ ਯੁੱਧ ਦੇ ਦੌਰ, ਅਫਰੀਕੀ-ਏਸ਼ੀਆਈ ਖੇਤਰਾਂ 'ਚ ਇਸਲਾਮੀ ਸਾਮਰਾਜ ਦੇ ਉਭਾਰ, ਮੁਗਲ ਅਦਾਲਤਾਂ ਦੇ ਇਤਿਹਾਸ ਅਤੇ ਉਦਯੋਗਿਕ ਕ੍ਰਾਂਤੀ ਨਾਲ ਸੰਬੰਧਤ ਅਧਿਆਏ ਹਟਾ ਦਿੱਤੇ ਹਨ। ਇਸੇ ਤਰ੍ਹਾਂ ਜਮਾਤ 10ਵੀਂ ਦੇ ਪਾਠਕ੍ਰਮ 'ਚ 'ਖਾਧ ਸੁਰੱਖਿਆ' ਨਾਲ ਸੰਬੰਧਤ ਅਧਿਆਏ ਤੋਂ 'ਖੇਤੀਬਾੜੀ 'ਤੇ ਵਿਸ਼ਵੀਕਰਨ ਦਾ ਪ੍ਰਭਾਵ' ਵਿਸ਼ੇ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 'ਧਰਮ, ਫਿਰਕਾਪ੍ਰਸਤੀ ਅਤੇ ਰਾਜਨੀਤੀ-ਫਿਰਕਾਪ੍ਰਸਤੀ ਧਰਮਨਿਰਪੱਖਤਾ ਰਾਜ' ਭਾਗ ਤੋਂ ਫੈਜ਼ ਅਹਿਮਦ ਫੈਜ਼ ਦੀਆਂ 2 ਉਰਦੂ ਕਵਿਤਾਵਾਂ ਦਾ ਅਨੁਵਾਦਿਤ ਅੰਸ਼ ਵੀ ਇਸ ਸਾਲ ਬਾਹਰ ਕਰ ਦਿੱਤਾ ਗਿਆ ਹੈ। ਸੀ.ਬੀ.ਐੱਸ.ਆਈ. ਨੇ ਪਾਠਕ੍ਰਮ ਸਮੱਗਰੀ ਤੋਂ 'ਲੋਕਤੰਤਰ ਅਤੇ ਵਿਭਿੰਨਤਾ' ਸੰਬੰਧੀ ਅਧਿਆਏ ਵੀ ਹਟਾ ਦਿੱਤੇ ਹਨ। 

ਵਿਸ਼ਿਆਂ ਜਾਂ ਅਧਿਆਏ ਨੂੰ ਹਟਾਏ ਜਾਣ ਨਾਲ ਸੰਬੰਧਤ ਤਰਕ ਬਾਰੇ ਪੁੱਛੇ ਜਾਣ 'ਤੇ ਅਧਿਕਾਰੀਆਂ ਨੇ ਕਿਹਾ ਕਿ ਪਰਿਵਰਤਨ ਪਾਠਕ੍ਰਮ ਨੂੰ ਤਰਕਸੰਗਤ ਬਣਾਏ ਜਾਣ ਦਾ ਹਿੱਸਾ ਹੈ ਅਤੇ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨ.ਸੀ.ਈ.ਆਰ.ਟੀ.) ਦੀਆਂ ਸਿਫ਼ਾਰਿਸ਼ਾਂ ਦੇ ਅਨੁਰੂਪ ਹੈ। ਪਿਛਲੇ ਸਾਲ ਦੇ ਪਾਠਕ੍ਰਮ ਵੇਰਵੇ ਅਨੁਸਾਰ, ਜਮਾਤ 11 ਦੇ ਇਤਿਹਾਸ ਪਾਠਕ੍ਰਮ ਤੋਂ ਇਸ ਸਾਲ ਹਟਾਇਆ ਗਿਆ ਅਧਿਆਏ 'ਸੈਂਟਰਲ ਇਸਲਾਮਿਕ ਲੈਂਡਸ' ਅਫਰੀਕੀ-ਏਸ਼ੀਆਈ ਖੇਤਰ 'ਚ ਇਸਲਾਮੀ ਸਾਮਰਾਜ ਦੇ ਉਭਾਰ ਅਤੇ ਅਰਥਵਿਵਸਥਾ ਅਤੇ ਸਮਾਜ 'ਤੇ ਇਸ ਦੇ ਪ੍ਰਭਾਵ ਬਾਰੇ ਗੱਲ ਕਰਦਾ ਹੈ। ਇਸੇ ਤਰ੍ਹਾਂ ਜਮਾਤ 12 ਦੇ ਇਤਿਹਾਸ ਪਾਠਕ੍ਰਮ 'ਚ 'ਦਿ ਮੁਗਲ ਕੋਰਟ- ਰੀਕੰਸਟ੍ਰਕਟਿੰਗ ਹਿਸਟਰੀਜ਼ ਥਰੂ ਕ੍ਰਾਨਿਕਲਸ' ਸਿਰਲੇਖ ਵਾਲਾ ਅਧਿਆਏ ਮੁਗਲਾਂ ਦੇ ਸਮਾਜਿਕ, ਧਾਰਮਿਕ ਅਤੇ ਸੰਸਕ੍ਰਿਤੀ ਇਤਿਹਾਸ ਦੇ ਮੁੜ ਨਿਰਮਾਣ ਦੇ ਸੰਬੰਧ 'ਚ ਮੁਗਲ ਦਰਬਾਰਾਂ ਦੇ ਇਤਿਹਾਸ ਦੀ ਪੜਤਾਲ ਕਰਦਾ ਹੈ। ਸਾਲ 2022-23 ਸਿੱਖਿਆ ਸੈਸ਼ਨ ਲਈ ਸਕੂਲਾਂ ਨਾਲ ਸਾਂਝਾ ਕੀਤਾ ਗਿਆ ਪਾਠਕ੍ਰਮ ਪਿਛਲੇ ਸਾਲ ਕੀਤੀ ਗਈ ਇਕ ਸੈਸ਼ਨ 'ਚ 2 ਭਾਗਾਂ ਦੀ ਪ੍ਰੀਖਿਆ ਦੇਣ ਦੀ ਵਿਵਸਥਾ ਤੋਂ ਏਕਲ-ਬੋਰਡ ਪ੍ਰੀਖਿਆ 'ਚ ਵਾਪਸ ਜਾਣ ਦੇ ਬੋਰਡ ਦੇ ਫ਼ੈਸਲੇ ਦਾ ਸੰਕੇਤ ਵੀ ਦਿੰਦਾ ਹੈ। ਹਾਲਾਂਕਿ 2 ਭਾਗਾਂ 'ਚ ਪ੍ਰੀਖਿਆ ਕਰਵਾਉਣ ਦੀ ਵਿਵਸਥਾ ਨੂੰ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇਕ ਵਾਰ ਦੇ ਵਿਸ਼ੇਸ਼ ਉਪਾਅ ਦੇ ਰੂਪ 'ਚ ਐਲਾਨ ਕੀਤਾ ਗਿਆ ਹੈ।

DIsha

This news is Content Editor DIsha