ਗੁੜੀਆ ਗੈਂਗਰੇਪ:CBI ਨੇ ਸੁਲਝਾਇਆ ਕੋਟਖਾਈ ਬਲਾਤਕਾਰ ਮਾਮਲਾ, 1 ਦੋਸ਼ੀ ਗ੍ਰਿਫਤਾਰ

04/25/2018 6:19:27 PM

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਚਰਚਿਤ ਕੋਟਖਾਈ ਮਾਮਲੇ 'ਚ ਬੁੱਧਵਾਰ ਨੂੰ ਸੀ.ਬੀ.ਆਈ ਨੇ ਲਗਭਗ ਅੰਤਿਮ ਸਟੇਟਸ ਰਿਪੋਰਟ ਹਾਈਕੋਰਟ 'ਚ ਦਾਖ਼ਲ ਕੀਤੀ। ਖੁਦ ਸੀ.ਬੀ.ਆਈ ਦੇ ਵਕੀਲ ਨੇ ਕੋਰਟ 'ਚ ਕਿਹਾ ਕਿ ਇਸ ਨੂੰ ਅੰਤਿਮ ਸਟੇਟਸ ਰਿਪੋਰਟ ਮੰਨਿਆ ਜਾਵੇ।
ਇਸ ਦਲੀਲ ਤੋਂ ਅਜਿਹਾ ਮੰਨਿਆ ਜਾ ਸਕਦਾ ਹੈ ਕਿ ਸੀ.ਬੀ.ਆਈ ਹੁਣ ਇਸ ਮਾਮਲੇ 'ਚ ਸ਼ਾਇਦ ਹੀ ਕੋਈ ਨਵੀਂ ਗ੍ਰਿਫਤਾਰੀ ਕਰੇ। ਸੀ.ਬੀ.ਆਈ ਨੇ ਕੋਰਟ 'ਚ ਇਹ ਵੀ ਕਿਹਾ ਕਿ 90 ਦਿਨਾਂ 'ਚ ਇਸ ਮਾਮਲੇ ਬਾਰੇ ਚਾਰਜਸ਼ੀਟ ਦਾਖ਼ਲ ਕਰੇਗੀ।


ਸੀ.ਬੀ.ਆਈ ਦੇ ਮੁੱਖ ਸੂਚਨਾ ਅਧਿਕਾਰੀ ਅਭਿਸ਼ੇਕ ਦਯਾਲ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਬਚ ਨਾ ਸਕੇ, ਇਸ ਲਈ ਜਾਂਚ ਏਜੰਸੀ ਨੇ ਹੌਲੀ-ਹੌਲੀ ਅਤੇ ਜਨਤਾ ਦੀ ਜਾਂਚ ਪੜਤਾਲ ਤੋਂ ਦੂਰ ਰਹਿੰਦੇ ਹੋਏ ਜਾਂਚ ਪੂਰੀ ਕੀਤੀ। ਦੋਸ਼ੀ ਨੂੰ 13 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਕੋਰਟ ਨੇ ਉਸ ਨੂੰ 7 ਮਈ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।

ਪਿਛਲੇ ਸਾਲ ਜੁਲਾਈ 'ਚ ਕੋਟਖਾਈ ਦੇ ਜੰਗਲਾਂ 'ਚ ਲੜਕੀ ਦੀ ਲਾਸ਼ ਬਰਾਮਦ ਹੋਣ ਦੇ ਬਾਅਦ ਚੁਣਾਵੀਂ ਪ੍ਰਦੇਸ਼ 'ਚ ਰਾਜਨੀਤੀ ਗਰਮਾ ਗਈ ਸੀ ਅਤੇ ਇਹ ਇਕ ਵੱਡਾ ਰਾਜਨੀਤਿਕ ਮੁੱਦਾ ਬਣ ਗਿਆ ਸੀ। ਸਥਾਨਕ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਝੂਠ ਫੜਨ ਦੀ ਮਸ਼ੀਨ ਨਾਲ ਜਾਂਚ ਦੇ ਬਾਅਦ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਸੀ.ਬੀ.ਆਈ ਨੇ ਹੁਣ ਅਨਿਲ ਕੁਮਾਰ ਨਾਮ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸੀ.ਬੀ.ਆਈ ਅਧਿਕਾਰੀਆਂ ਨੇ ਦੱਸਿਆ ਕਿ ਅਨਿਲ ਕੁਮਾਰ ਦਾ ਡੀ.ਐਨ.ਏ ਘਟਨਾ ਸਥਾਨ ਅਤੇ ਲਾਸ਼ ਤੋਂ ਬਰਾਮਦ ਹੋਈ ਸਮੱਗਰੀ ਨਾਲ 100 ਫੀਸਦੀ ਮਿਲਦਾ ਹੈ।