ਲਾਲੂ ਯਾਦਵ ਦੀਆਂ ਵਧੀਆਂ ਮੁਸ਼ਕਿਲਾਂ, CBI ਨੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ

01/10/2020 4:25:31 PM

ਪਟਨਾ—ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਯਾਦਵ ਦੀਆਂ ਮੁਸ਼ਕਿਲਾਂ ਹੁਣ ਹੋਰ ਵੱਧ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ ਨੇ ਝਾਰਖੰਡ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਕੀਤੀ ਹੈ ਅਤੇ ਇਸ ਪਟੀਸ਼ਨ 'ਚ ਹਾਈਕੋਰਟ ਨੂੰ ਆਪਣਾ ਆਦੇਸ਼ ਰੱਦ ਕਰਨ ਦੀ ਮੰਗ ਕੀਤੀ ਹੈ।ਦਰਅਸਲ ਝਾਰਖੰਡ ਹਾਈਕੋਰਟ ਨੇ ਦੇਵਘਰ ਖਜ਼ਾਨਾ ਮਾਮਲੇ 'ਚ ਅੱਧੀ ਸਜ਼ਾ ਕੱਟ ਚੁੱਕੇ ਲਾਲੂ ਪ੍ਰਸ਼ਾਦ ਨੂੰ ਜ਼ਮਾਨਤ ਦੇ ਦਿੱਤੀ ਸੀ। ਸੀ.ਬੀ.ਆਈ ਨੇ ਹਾਈਕੋਰਟ ਦੇ ਇਸ ਫੈਸਲੇ ਖਿਲਾਫ ਅੱਜ ਭਾਵ ਸ਼ੁੱਕਰਵਾਰ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ 'ਚ ਆਪਣੀ ਪਟੀਸ਼ਨ ਦਾਖਲ ਕੀਤੀ ਹੈ।

ਦੱਸਣਯੋਗ ਹੈ ਕਿ ਚਾਰਾ ਘੋਟਾਲੇ ਨਾਲ ਜੁੜੇ ਇਕ ਮਾਮਲੇ 'ਚ ਲਾਲੂ ਯਾਦਵ ਨੂੰ ਸਜ਼ਾ ਮਿਲ ਚੁੱਕੀ ਹੈ ਅਤੇ ਵਰਤਮਾਨ ਸਮੇਂ ਦੌਰਾਨ ਰਾਂਚੀ ਦੇ ਰਿਮਜ਼ 'ਚ ਆਪਣਾ ਇਲਾਜ ਕਰਵਾ ਰਹੇ ਹਨ। ਸੁਪਰੀਮ ਕੋਰਟ 'ਚ ਦਾਖਲ ਇਸ ਪਟੀਸ਼ਨ ਤੋਂ ਬਾਅਦ ਲਾਲੂ ਯਾਦਵ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।

Iqbalkaur

This news is Content Editor Iqbalkaur