ਇੰਡੀਗੋ ਖਿਲਾਫ ''ਰਾਸ਼ਟਰ ਧ੍ਰੋਹ'' ਦਾ ਕੇਸ ਦਰਜ, ਭਾਰਤੀ ਕਰੰਸੀ ਲੈਣ ਤੋਂ ਕੀਤਾ ਇਨਕਾਰ

11/22/2017 1:58:15 AM

ਨਵੀਂ ਦਿੱਲੀ— ਇੰਟਰਗਲੋਬ ਏਵੀਏਸ਼ਨ ਦੀ ਏਅਰਲਾਈਨ ਇੰਡੀਗੋ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਹੁਣ ਏਅਰਲਾਈਨ ਖਿਲਾਫ ਰਾਸ਼ਟਰ ਦ੍ਰੋਹ ਦੀ ਸ਼ਿਕਾਇਤ ਕੀਤੀ ਗਈ ਹੈ। 
ਨਵੀਂ ਦਿੱਲੀ ਦੇ ਸਰੋਜਨੀ ਨਗਰ ਪੁਲਸ ਸਟੇਸ਼ਨ 'ਚ ਇੰਡੀਗੋ ਖਿਲਾਫ ਰਾਸ਼ਟਰ ਦ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਮੋਦ ਕੁਮਾਰ ਜੈਨ ਨਾਂ ਦੇ ਵਿਅਕਤੀ ਨੇ ਇਹ ਮਾਮਲਾ ਦਰਜ ਕਰਾਇਆ ਹੈ। ਪ੍ਰਮੋਦ ਕੁਮਾਰ ਨੇ ਦੋਸ਼ ਲਾਇਆ ਕਿ ਬੰਗਲੁਰੂ-ਦੁਬਈ ਫਲਾਈਟ ਦੌਰਾਨ ਏਅਰਲਾਈਨ ਨੇ ਉਨ੍ਹਾਂ ਤੋਂ ਭਾਰਤੀ ਕਰੰਸੀ ਲੈਣ ਤੋਂ ਇਨਕਾਰ ਕਰ ਦਿੱਤਾ। ਪ੍ਰਮੋਦ ਕੁਮਾਰ ਜੈਨ ਨੇ ਇਕ ਚੈਨਲ 'ਤੇ ਗੱਲਬਾਤ 'ਚ ਦੱਸਿਆ ਕਿ ਉਨ੍ਹਾਂ ਨੇ ਇੰਡੀਗੋ ਖਿਲਾਫ ਭਾਰਤੀ ਦੰਡ ਕੋਡ ਦੇ ਸੈਕਸ਼ਨ 124 ਏ (ਰਾਸ਼ਟਰ ਧ੍ਰੋਹ) ਅਤੇ ਨੈਸ਼ਨਲ ਆਨਰ ਐਕਟ 1971 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਕੀ ਹੈ ਮਾਮਲਾ 
ਪ੍ਰਮੋਦ ਕੁਮਾਰ 10 ਨਵੰਬਰ 2017 ਨੂੰ ਬੰਗਲੁਰੂ ਤੋਂ ਦੁਬਈ ਦੇ ਲਈ ਇੰਡੀਗੋ ਫਲਾਈਟ ਨੰਬਰ 6ਈ95 ਤੋਂ ਟਿਕਟ ਕਰਾਈ ਸੀ ਅਤੇ ਸਵੇਰੇ 7.20 ਵਜੇ ਉਨ੍ਹਾਂ ਨੇ ਫਲਾਈਟ ਲਈ। ਫਲਾਈਟ ਦੌਰਾਨ ਉਨ੍ਹਾਂ ਨੇ ਖਾਣਾ ਆਰਡਰ ਕੀਤਾ ਪਰ ਕਰੂ ਮੈਂਬਰ ਨੇ ਉਨ੍ਹਾਂ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਪ੍ਰਮੋਦ ਭਾਰਤੀ ਕਰੰਸੀ 'ਚ ਭੁਗਤਾਨ ਕਰ ਰਿਹਾ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਕਰੂ ਮੈਂਬਰ ਨੇ ਉਨ੍ਹਾਂ ਤੋਂ ਵਿਦੇਸ਼ੀ ਕਰੰਸੀ 'ਚ ਭੁਗਤਾਨ ਕਰਨ ਨੂੰ ਕਿਹਾ ਸੀ।
ਰਾਸ਼ਟਰ ਧ੍ਰੋਹ ਦਾ ਮਾਮਲਾ
ਪ੍ਰਮੋਦ ਮੁਤਾਬਕ ਲਗਾਤਾਰ ਕਹਿਣ 'ਤੇ ਵੀ ਕਰੂ ਮੈਂਬਰਜ਼ ਨੇ ਉਨ੍ਹਾਂ ਤੋਂ ਭਾਰਤੀ ਕਰੰਸੀ 'ਚ ਭੁਗਤਾਨ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਕਿ ਇਹ ਰਾਸ਼ਟਰ ਧ੍ਰੋਹ ਦਾ ਮਾਮਲਾ ਹੈ। ਕੋਈ ਭਾਰਤੀ ਏਅਰਲਾਈਨ ਭਾਰਤੀ ਕਰੰਸੀ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ।