ਹਰਿਆਣਾ ''ਚ 24 ਸਾਲਾ ਨੌਜਵਾਨ ਦੀ ਮੌਤ ਦੇ ਮਾਮਲੇ ''ਚ 12 ਪੁਲਸ ਮੁਲਾਜ਼ਮਾਂ ''ਤੇ ਮਾਮਲਾ ਦਰਜ

06/15/2021 4:36:36 PM

ਨੂੰਹ- ਹਰਿਆਣਾ 'ਚ ਫਰੀਦਾਬਾਦ ਦੇ 12 ਪੁਲਸ ਮੁਲਾਜ਼ਮਾਂ 'ਤੇ 24 ਸਾਲਾ ਇਕ ਨੌਜਵਾਨ ਦੇ ਪਰਿਵਾਰ ਦੇ ਇਸ ਦੋਸ਼ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ ਕਿ ਪੁਲਸ ਹਿਰਾਸਤ 'ਚ ਨੌਜਵਾਨ ਨੂੰ ਕੁੱਟਿਆ ਗਿਆ, ਜਿਸ ਨਾਲ ਉਸ ਦੀ ਜਾਨ ਚੱਲੀ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਿਕਾਇਤ 'ਚ ਥਾਣਾ ਇੰਚਾਰਜ, 2 ਸਬ ਇੰਸਪੈਕਟਰ, 2 ਸਹਾਇਕ ਸਬ ਇੰਸਪੈਕਟਰ ਅਤੇ 2 ਹੈੱਡ ਕਾਂਸਟੇਬਲ, ਸਾਈਬਰ ਅਪਰਾਧ ਥਾਣੇ ਦੇ 5 ਹੋਰ ਮੁਲਾਜ਼ਮਾਂ ਦੇ ਨਾਮ ਸ਼ਾਮਲ ਹਨ। ਨੂੰਹ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਜੁਨੈਦ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਫਰੀਦਾਬਾਦ ਪੁਲਸ ਨੇ ਉਸ ਨੂੰ 31 ਮਈ ਦੀ ਰਾਤ ਹਿਰਾਸਤ 'ਚ ਰੱਖਿਆ ਸੀ ਅਤੇ ਇਕ ਜੂਨ ਨੂੰ ਰਿਹਾਅ ਕਰਨ ਤੋਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਸੀ। ਜੁਨੈਦ ਦੀ 11 ਜੂਨ ਨੂੰ ਮੌਤ ਹੋ ਗਈ ਸੀ, ਜਸਿ ਨੂੰ ਫਰੀਦਾਬਾਦ ਪੁਲਸ ਨੇ ਸਾਈਬਰ ਅਪਰਾਧ ਦੇ ਇਕ ਮਾਮਲੇ 'ਚ ਕੁਝ ਹੋਰ ਲੋਕਾਂ ਨਾਲ ਹਿਰਾਸਤ 'ਚ ਲਿਆ ਸੀ। ਸ਼ਿਕਾਇਤ ਅਨੁਸਾਰ, ਉਸ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਇਕ ਜੂਨ ਨੂੰ ਜਦੋਂ ਉਹ ਘਰ ਆਇਆ ਤਾਂ ਉਸ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਵਿਗੜਨ ਤੋਂ ਬਾਅਦ, ਪਰਿਵਾਰ ਨੇ ਉਸ ਨੂੰ 11 ਜੂਨ ਨੂੰ ਹੋਡਲ ਦੇ ਇਕ ਹਸਪਤਾਲ 'ਚ ਲਿਜਾਉਣ ਦਾ ਫ਼ੈਸਲਾ ਲਿਆ। ਰਸਤੇ 'ਚ ਉਸ ਦੀ ਮੌਤ ਹੋ ਗਈ।

ਪੁਲਸ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਜੁਨੈਦ ਦੀ ਮਾਂ ਦੀ ਸ਼ਿਕਾਇਤ 'ਤੇ ਨੂੰਹ ਪੁਲਸ ਨੇ ਐਤਵਾਰ ਨੂੰ ਥਾਣਾ ਇੰਸੈਪਕਟਰ, 2 ਸਬ ਇੰਸਪੈਕਟਰਾਂ, 2 ਸਹਾਇਕ ਸਬ ਇੰਸਪੈਕਟਰਾਂ ਅਤੇ 2 ਹੈੱਡ ਕਾਂਸਟੇਬਲਾਂ ਵਿਰੁੱਧ ਭਾਰਤੀ ਸਜ਼ਾ ਦੀ ਧਾਰਾ 302 (ਕਤਲ), 342 (ਗਲਤ ਤਰੀਕੇ ਨਾਲ ਬੰਧਕ ਬਣਾਉਣਾ) ਅਤੇ 34 (ਇਕ ਹੀ ਇਰਾਦੇ ਨਾਲ ਕਈ ਲੋਕਾਂ ਵਲੋਂ ਅਪਰਾਧ ਨੂੰ ਅੰਜਾਮ ਦੇਣਾ) ਦੇ ਅਧੀਨ ਮਾਮਲਾ ਦਰਜ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਾਈਬਰ ਅਪਰਾਧ ਥਾਣੇ ਦੇ 5 ਹੋਰ ਪੁਲਸ ਮੁਲਾਜ਼ਮਾਂ ਵਿਰੁੱਧ ਵੀ ਸ਼ਿਕਾਇਤ ਦਰਜ ਕੀਤੀ ਗਈ ਹੈ। ਪੁਲਸ ਡਿਪਟੀ ਸੁਪਰਡੈਂਟ ਸ਼ਮਸ਼ੇਰ ਸਿੰਘ ਨੇ ਕਿਹਾ,''ਮ੍ਰਿਤਕ ਦੇ ਵਿਸਰਾ ਨੂੰ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਇਕ ਪ੍ਰਯੋਗਸ਼ਾਲਾ 'ਚ ਭੇਜ ਦਿੱਤਾ ਗਿਆ ਹੈ। ਰਿਪੋਰਟ ਦਾ ਇੰਤਜ਼ਾਰ ਹੈ।'' ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਂਚ ਜਾਰੀ ਹੈ। ਫਰੀਦਾਬਾਦ ਪੁਲਸ ਨੇ ਹਿਰਾਸਤ 'ਚ ਸ਼ਖਸ ਨੂੰ ਤਸੀਹੇ ਦੇਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

DIsha

This news is Content Editor DIsha