ਮਿਰਜ਼ਾਪੁਰ ''ਚ ਦਰੱਖਤ ਨਾਲ ਟਕਰਾਈ ਕਾਰ, 5 ਲੋਕਾਂ ਦੀ ਮੌਤ

04/21/2018 5:58:16 PM

ਮਿਰਜ਼ਾਪੁਰ— ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲੇ 'ਚ ਇਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਸ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਇਕ ਸ਼ਖਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਉਸ ਸ਼ਖਸ ਨੇ ਵੀ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਪੂਰੀ ਘਟਨਾ 'ਤੇ ਮਿਰਜ਼ਾਪੁਰ ਖੇਤਰ ਦੇ ਐਡੀਸ਼ਨਲ ਐੱਸ.ਪੀ. ਪ੍ਰਕਾਸ਼ ਸਵਰੂਪ ਪਾਂਡੇ ਨੇ ਦੱਸਿਆ,''ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਲੂਸਾ ਪਿੰਡ ਕੋਲ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਰਾਜਗੜ੍ਹ ਦੇ ਸੀ.ਐੱਚ.ਸੀ. 'ਚ ਭਰਤੀ ਕਰਵਾਇਆ ਗਿਆ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸਾਰੇ ਲੋਕ ਲਾਲਗੰਜ ਖੇਤਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।'' ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਦੀ ਵੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।

ਸੜਕ ਸੁਰੱਖਿਆ ਦੀਆਂ ਮੁਹਿੰਮਾਂ 'ਤੇ ਉੱਠਿਆ ਸਵਾਲ
ਫਿਲਹਾਲ ਅੰਕੜਿਆਂ ਅਨੁਸਾਰ ਜੇਕਰ ਗੌਰ ਕੀਤਾ ਜਾਵੇ ਤਾਂ 2014 'ਚ ਦੇਸ਼ ਭਰ 'ਚ ਸੜਕ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਜਿੱਥੇ 4.89 ਲੱਖ ਸੀ, ਉੱਥੇ ਹੀ 2015 'ਚ ਇਹ ਗਿਣਤੀ 5 ਲੱਖ ਨੂੰ ਪਾਰ ਕਰ ਗਈ। ਇਹ ਅੰਕੜਾ ਇਕ ਗੱਲ ਨੂੰ ਹੋਰ ਜ਼ਾਹਰ ਕਰਦਾ ਹੈ ਕਿ ਕਿਸ ਤਰ੍ਹਾਂ ਰਾਜ ਸਰਕਾਰਾਂ ਅਤੇ ਕੇਂਦਰ ਵੱਲੋਂ ਸੜਕ ਸੁਰੱਖਿਆ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਉਣ ਦੇ ਬਾਵਜੂਦ ਇਸ ਦਾ ਬੇਹੱਦ ਮਾਮੂਲੀ ਅਸਰ ਪਿਆ। ਇਕ ਅਖਬਾਰ ਦੀ ਰਿਪੋਰਟ ਅਨੁਸਾਰ 2016 'ਚ ਉੱਤਰ ਪ੍ਰਦੇਸ਼ 'ਚ ਸੜਕ ਹਾਦਸਿਆਂ 'ਚ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵਧ ਸੀ। ਇਕ ਪਾਸੇ ਜਿੱਥੇ ਉੱਤਰ ਪ੍ਰਦੇਸ਼ 'ਚ ਸੜਕ ਹਾਦਸੇ 'ਚ ਕੁੱਲ 17,666 ਮੌਤਾਂ ਦਾ ਜ਼ਿਕਰ ਕੀਤਾ ਗਿਆ ਸੀ, ਉੱਥੇ ਹੀ ਤਾਮਿਲਨਾਡੂ 'ਚ ਇਹ ਅੰਕੜਾ 15,641 ਸੀ, ਮਹਾਰਾਸ਼ਟਰ 'ਚ 13,212 ਅਤੇ ਕਰਨਾਟਕ 'ਚ 10,856, ਰਾਜਸਥਾਨ 'ਚ ਗਿਣਤੀ 10,510 ਸੀ।