ਕੈਪਟਨ ਦੇ 'ਜੇਤੂ ਰੱਥ' 'ਤੇ ਸਵਾਰ ਹੋਏ ਪ੍ਰਿਯੰਕਾ ਤੇ ਰਾਹੁਲ

02/11/2019 6:10:32 PM

ਆਗਰਾ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਹਾਲ ਹੀ 'ਚ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੂਰਬੀ-ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਬਣਾਇਆ ਗਿਆ। ਅੱਜ ਭਾਵ ਸੋਮਵਾਰ ਨੂੰ ਪ੍ਰਿਯੰਕਾ ਨੇ ਲਖਨਊ ਤੋਂ ਸਿਆਸੀ ਸਫਰ ਸ਼ੁਰੂ ਕੀਤਾ। ਪ੍ਰਿਯੰਕਾ ਗਾਂਧੀ, ਭਰਾ ਰਾਹੁਲ ਗਾਂਧੀ ਅਤੇ ਜੋਤੀਰਾਦਿਤਿਯ ਸਿੰਧੀਆ ਨਾਲ ਲਖਨਊ 'ਚ ਰੋਡ ਸ਼ੋਅ ਕਰ ਰਹੀ ਹੈ। ਕਾਂਗਰਸ ਦੀ ਜਨਰਲ ਸਕੱਤਰ ਬਣਨ ਤੋਂ ਬਾਅਦ ਪ੍ਰਿਯੰਕਾ ਪਹਿਲੀ ਵਾਰ ਲਖਨਊ ਆਈ ਹੈ।

ਖਾਸ ਗੱਲ ਇਹ ਹੈ ਕਿ ਜਿਸ ਬੱਸ ਦੀ ਛੱਤ 'ਤੇ ਪ੍ਰਿਯੰਕਾ ਸਵਾਰ ਹੈ, ਉਹ ਕਾਂਗਰਸ ਦੀ 'ਲੱਕੀ ਬੱਸ' ਦੱਸੀ ਜਾ ਰਹੀ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੁਹਿੰਮ ਦੌਰਾਨ ਇਸ ਬੱਸ ਦੀ ਵਰਤੋਂ ਕੀਤੀ ਸੀ। ਕਾਂਗਰਸ ਨੇ 117 ਸੀਟਾਂ 'ਚੋਂ 77 ਸੀਟਾਂ 'ਤੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਸੀ। 



ਪਾਰਟੀ ਸੂਤਰਾਂ ਮੁਤਾਬਕ ਇਹ ਬੱਸ ਕਾਂਗਰਸ ਦੀ ਲੱਕੀ ਬੱਸ ਹੈ। ਇਸ ਬੱਸ ਨੂੰ ਪ੍ਰਿਯੰਕਾ ਲਈ ਅੱਜ ਦੇ ਕੀਤੇ ਜਾਣ ਵਾਲੇ ਰੋਡ ਸ਼ੋਅ ਲਈ ਸ਼ਨੀਵਾਰ ਦੀ ਸ਼ਾਮ ਨੂੰ ਪੰਜਾਬ ਤੋਂ ਲਖਨਊ ਪਹੁੰਚਾ ਦਿੱਤਾ ਗਿਆ। ਇਕ ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਪੰਜਾਬ ਚੋਣਾਂ ਵਾਂਗ ਪਾਰਟੀ ਨੂੰ ਉੱਤਰ ਪ੍ਰਦੇਸ਼ 'ਚ ਵੀ ਕੋਈ ਚਮਤਕਾਰ ਹੋਣ ਦੀ ਉਮੀਦ ਹੈ। ਕਾਂਗਰਸ ਦੇ ਬੁਲਾਰੇ ਜ਼ੀਸ਼ਾਨ ਹੈਦਰ ਨੇ ਕਿਹਾ ਕਿ ਕਾਂਗਰਸ ਪ੍ਰਧਾਨਾਂ ਦਾ ਇਹ ਰੋਡ ਸ਼ੋਅ 17 ਕਿਲੋਮੀਟਰ ਲੰਬਾ ਹੈ, ਜਿਸ ਦੀ ਸ਼ੁਰੂਆਤ ਅਮੋਸੀ ਏਅਰਪੋਰਟ ਤੋਂ ਸ਼ੁਰੂ ਹੋ ਕੇ ਲਖਨਊ ਸਥਿਤ ਪਾਰਟੀ ਦਫਤਰ 'ਚ ਖਤਮ ਹੋਵੇਗਾ। 



ਇਹ ਰੋਡ ਸ਼ੋਅ ਦੌਰਾਨ ਲੱਕੀ ਬੱਸ 'ਤੇ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਪ੍ਰਦੇਸ਼ ਪ੍ਰਧਾਨ ਰਾਜ ਬੱਬਰ, ਜੋਤੀਰਾਦਿਤਿਯ ਸਿੰਧੀਆ ਵੀ ਮੌਜੂਦ ਸਨ। ਪ੍ਰਿਯੰਕਾ ਗਾਂਧੀ ਨੇ ਹੱਥ ਹਿਲਾ ਕੇ ਸਾਰਿਆਂ ਦਾ ਸਵਾਗਤ ਕੀਤਾ। ਇੱਥੇ ਦੱਸ ਦੇਈਏ ਕਿ ਦੇਸ਼ ਦੀ ਸਿਆਸਤ ਦੀ ਦਿਸ਼ਾ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਸ ਸੂਬੇ 'ਚ ਪ੍ਰਿਯੰਕਾ ਨੂੰ ਭਾਜਪਾ ਦੇ ਗੜ੍ਹ ਦੇ ਰੂਪ ਵਿਚ ਉੱਭਰੇ ਪੂਰਬੀ ਉੱਤਰ ਪ੍ਰਦੇਸ਼ ਦੀ ਮੁਖੀ ਦੇ ਤੌਰ 'ਤੇ ਇਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਿਯੰਕਾ ਦੇ ਸਾਹਮਣੇ ਚੁਣੌਤੀਆਂ ਵੀ ਬਹੁਤ ਵੱਡੀਆਂ ਹਨ। ਉਨ੍ਹਾਂ ਨੂੰ ਉਸ ਪੂਰਬੀ ਉੱਤਰ ਪ੍ਰਦੇਸ਼ ਦਾ ਮੁਖੀ ਬਣਾਇਆ ਗਿਆ ਹੈ, ਜਿਸ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁਮਾਇੰਦਗੀ ਕਰ ਰਹੇ ਹਨ।

Tanu

This news is Content Editor Tanu