ਔਰਤਾਂ ’ਚ ਕੈਂਸਰ ਮੌਤ ਦਰ ’ਚ ਵਾਧਾ, ਪੁਰਸ਼ਾਂ ’ਚ ਕਮੀ

07/30/2023 3:09:11 PM

ਕੋਚੀ (ਭਾਸ਼ਾ)- ਭਾਰਤ ’ਚ ਕੈਂਸਰ ਨਾਲ ਪੁਰਸ਼ਾਂ ਦੀ ਮੌਤ ਦਰ ’ਚ ਸਾਲਾਨਾ 0.19 ਫ਼ੀਸਦੀ ਦੀ ਕਮੀ ਆਈ ਹੈ ਪਰ ਔਰਤਾਂ ’ਚ 0.25 ਫ਼ੀਸਦੀ ਦਾ ਵਾਧਾ ਹੋਇਆ ਹੈ। ਇਕ ਤਾਜ਼ਾ ਅਧਿਐਨ ’ਚ ਇਹ ਖੁਲਾਸਾ ਹੋਇਆ ਹੈ। ਇਹ ਨਤੀਜੇ ਭਾਰਤੀ ਆਬਾਦੀ ’ਚ ਮੁੱਖ ਤੌਰ ’ਤੇ 23 ਤਰ੍ਹਾਂ ਦੇ ਕੈਂਸਰ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦਾ ਹਿੱਸਾ ਸਨ। ਸਾਲ 2000 ਅਤੇ 2019 ਦੇ ਦਰਮਿਆਨ ਵੱਖ-ਵੱਖ ਤਰ੍ਹਾਂ ਦੇ ਕੈਂਸਰ ਕਾਰਨ 1.28 ਕਰੋੜ ਭਾਰਤੀਆਂ ਦੀ ਮੌਤ ਹੋਈ। ਅਮੈਰੀਕਨ ਸੁਸਾਇਟੀ ਆਫ ਕਲੀਨਿਕਲ ਓਂਕੋਲੋਜੀ ਨਾਲ ਸਬੰਧਤ ਮੈਗਜ਼ੀਨ ‘ਜੇ. ਸੀ. ਓ. ਗਲੋਬਲ ਓਂਕੋਲੋਜੀ’ ’ਚ ਪ੍ਰਕਾਸ਼ਿਤ ਅਧਿਐਨ, ਅਮ੍ਰਿਤ ਹਸਪਤਾਲ ਦੇ ਅਜ਼ੀਲ ਸ਼ਾਜੀ, ਡਾ. ਕੇ. ਪਵਿਤਰਨ ਅਤੇ ਡਾ. ਡੀ. ਕੇ. ਵਿਜੈ ਕੁਮਾਰ ਵੱਲੋਂ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਇਕ ਡਵੀਜ਼ਨ ‘ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ’ ਦੀ ਡਾ. ਕੈਥਰੀਨ ਸਾਵਾਗੇਟ ਦੇ ਸਹਿਯੋਗ ਨਾਲ ਕੀਤਾ ਗਿਆ।

ਅਧਿਐਨ ਅਨੁਸਾਰ 2000 ਅਤੇ 2019 ਦੇ ਦਰਮਿਆਨ ਫੇਫੜੇ, ਔਰਤਾਂ ਦੀ ਛਾਤੀ, ਕੋਲੋਰੈਕਟਮ, ਲਿੰਫੋਮਾ, ਮਲਟੀਪਲ ਮਾਇਲੋਮਾ, ਪਿੱਤਾ, ਪੈਨਕ੍ਰੀਐਟਿਕ, ਗੁਰਦੇ ਅਤੇ ਮੇਸੋਥੇਲਯੋਮਾ ਦੇ ਕੈਂਸਰ ਦੀ ਮੌਤ ਦਰ ’ਚ ਵਾਧਾ ਵੇਖਿਆ ਗਿਆ। ਇੱਥੇ ਅਮ੍ਰਿਤ ਹਸਪਤਾਲ ’ਚ ਕੈਂਸਰ ਰਜਿਸਟਰੀ ਦੇ ਮੁਖੀ ਅਜ਼ੀਲ ਸ਼ਾਜੀ ਨੇ ਕਿਹਾ ਕਿ ਭਾਰਤ ਦੀ ਆਬਾਦੀ ’ਚ ਕੈਂਸਰ ਨਾਲ ਮੌਤ ਦਰ ਦਾ ਦਸਤਾਵੇਜੀਕਰਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਇਸ ਲਈ, ਅਸੀਂ ਗਲੋਬਲ ਹੈਲਥ ਆਬਜ਼ਰਵੇਟਰੀ (ਜੀ. ਐੱਚ. ਓ.) ਡਾਟਾਬੇਸ ਦੇ ਆਧਾਰ ’ਤੇ 2000 ਅਤੇ 2019 ਦੇ ਦਰਮਿਆਨ 23 ਪ੍ਰਮੁੱਖ ਕੈਂਸਰਾਂ ਲਈ ਸਮੁੱਚੇ ਅਤੇ ਨਿੱਜੀ ਕੈਂਸਰ ਮੌਤ ਦਰ ਦਾ ਵਿਸ਼ਲੇਸ਼ਣ ਕੀਤਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha